views 14 secs 0 comments

ਦਰਗਾਹੀ ਪਰਵਾਨਗੀ ਦਾ ਸਿਰੋਪਾਉ : ਦਸਤਾਰ

ਲੇਖ
April 12, 2026

13 ਅਪ੍ਰੈਲ, ਸਿੱਖ ਦਸਤਾਰ ਦਿਵਸ ‘ਤੇ

ਸੰਸਾਰ ਦੇ ਜ਼ਿਆਦਾਤਰ ਧਰਮਾਂ ਅਤੇ ਕੌਮਾਂ ਵਿਚ ਦਸਤਾਰ ਧਾਰਮਿਕ ਅਤੇ ਸਮਾਜਿਕ ਪੱਖ ਤੋਂ ਮਹੱਤਵਪੂਰਨ ਮੰਨੀ ਜਾਂਦੀ ਹੈ । ਸੰਸਾਰ ਦੇ ਮੁੱਖ ਧਰਮਾਂ ਵਿਚ ਪ੍ਰਭੂ ਦਰਬਾਰ ਵਿਚ ਹਾਜ਼ਰੀ ਸਮੇਂ ਸਿਰ ‘ਤੇ ਦਸਤਾਰ ਸਜਾਉਣਾ ਜ਼ਰੂਰੀ ਸਮਝਿਆ ਗਿਆ ਹੈ। ਯਹੂਦੀਆਂ ਅਤੇ ਈਸਾਈਆਂ ਦੀ ਧਰਮ-ਪੁਸਤਕ ‘ਪੁਰਾਤਨ ਅਹਿਦਨਾਮੇ’ ਵਿਚ ਲਿਖਿਆ ਹੈ ਕਿ ਮਨੁੱਖ ਨੂੰ ਮਲਮਲ ਦੀ ਦਸਤਾਰ ਸਜਾ ਕੇ ਦਰਬਾਰ ਵਿਚ ਜਾਣਾ ਚਾਹੀਦਾ ਹੈ। (ਦੇਖੋ Old Testa-ment, Ezakiel, 44:18:19) टिमलाभ हिच ही तभात्त भरा रवत ममें मित ਢੱਕਣਾ ਜ਼ਰੂਰੀ ਹੈ। ਹਿੰਦੂ ਧਰਮ ਵਿਚ ਵੀ ਧਾਰਮਿਕ ਰਸਮਾਂ ਸਮੇਂ ਸਿਰ ‘ਤੇ ਬਸਤਰ ਹੋਣਾ ਜ਼ਰੂਰੀ ਹੈ। ਪਰ ਹੌਲੀ-ਹੌਲੀ ਸਮਾਂ ਬੀਤਣ ਨਾਲ ਕਈ ਇਸ ਦੇ ਮਹੱਤਵ ਨੂੰ ਭੁੱਲ ਗਏ ਅਤੇ ਕਈ ਧਰਮਾਂ ਤੇ ਕੌਮਾਂ ਵਿਚ ਇਹ ਕੇਵਲ ਇਕ ਰਸਮ ਜਾਂ ਮਜਬੂਰੀ ਬਣ ਕੇ ਹੀ ਰਹਿ ਗਈ। ਧਾਰਮਿਕ ਪੱਖ ਨਾਲੋਂ ਇਸ ਦਾ ਸਮਾਜਿਕ ਪੱਖ ਜ਼ਿਆਦਾ ਮਾਨਤਾ ਪ੍ਰਾਪਤ ਕਰ ਗਿਆ ਅਤੇ ਇਹ ਕੇਵਲ ਸਮਾਜਿਕ ਰੁਤਬੇ ਦਾ ਪ੍ਰਤੀਕ ਬਣ ਗਈ।

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਸਤਾਰ ਦੇ ਧਾਰਮਿਕ ਮਹੱਤਵ ਨੂੰ ਮੁੜ ਮਹਿਸੂਸ ਕੀਤਾ ਅਤੇ ਇਸ ਦੇ ਮਹੱਤਵ ਨੂੰ ਮੁੜ ਸਥਾਪਤ ਕੀਤਾ। ਗੁਰੂ ਜੀ ਨੇ ਵਿਅਕਤੀ ਦੀ ਸਮਾਜਿਕ ਪਤ ਦੀ ਬਜਾਏ, ਪਰਮਾਤਮਾ ਦੇ ਦਰਬਾਰ ਵਿਚ ਪਤ ਕਾਇਮ ਰੱਖਣ ਦੀ ਗੱਲ ਕੀਤੀ। ਜਿਸ ਵਿਅਕਤੀ ਦੇ ਮਨ ਵਿਚ ਅਕਾਲ ਪੁਰਖ ਦਾ ਪ੍ਰੇਮ ਪੈਦਾ ਹੋ ਜਾਂਦਾ ਹੈ ਅਤੇ ਉਹ ਸੇਵਾ-ਸਿਮਰਨ ਦੀ ਕਮਾਈ ਕਰਦਾ ਹੈ, ਉਸ ਨੂੰ ਹੀ ਦਸਤਾਰ ਰੂਪੀ ਸਿਰੋਪਾਉ ਦੀ ਸੋਭਾ ਪ੍ਰਾਪਤ ਹੁੰਦੀ ਹੈ। ਗੁਰੂ ਜੀ ਦਾ ਭਾਵ ਸੀ ਜੋ ਵਿਅਕਤੀ ਸੇਵਾ-ਸਿਮਰਨ ਕਰਦਾ ਹੈ, ਉਸ ਨੂੰ ਦਰਗਾਹ ਵਿਚ ਉੱਚਾ ਸਥਾਨ ਪ੍ਰਾਪਤ ਹੁੰਦਾ ਹੈ ਅਤੇ ਉਸ ਦੀ ਹੀ ਅਕਾਲ ਪੁਰਖ ਦੇ ਦਰਬਾਰ ਵਿਚ ਪਤ ਰਹਿੰਦੀ ਹੈ। ਉਸ ਦੇ ਸਿਰ ਹੀ ਪਰਾਲੌਕਿਕ ਅਤੇ ਲੌਕਿਕ ਜਗਤ ਵਿਚ ਸਿਰੋਪਾਉ ਰੂਪੀ ਦਸਤਾਰ ਸੋਭਦੀ ਹੈ। ਜੋ ਨਾਮ ਵਿਹੂਣੇ ਹਨ, ਉਨ੍ਹਾਂ ਦੀ ਅਕਾਲ ਪੁਰਖ ਦੀ ਦਰਗਾਹ ਵਿਚ ਕੋਈ ਇੱਜ਼ਤ ਨਹੀਂ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਫ਼ੁਰਮਾਇਆ ਹੈ:

ਕਾਇਆ ਕਿਰਦਾਰ ਅਉਰਤ ਯਕੀਨਾ॥
ਰੰਗ ਤਮਾਸੇ ਮਾਣਿ ਹਕੀਨਾ॥ ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ॥(ਅੰਗ ੧੦੮੪)

ਅਰਥਾਤ ਆਪਣੇ ਸਰੀਰ ਨੂੰ, ਜਿਸ ਰਾਹੀਂ ਚੰਗੇ-ਮੰਦੇ ਕੰਮ ਕੀਤੇ ਜਾਂਦੇ ਹਨ, ਆਪਣੀ ਪਤੀਬ੍ਰਤਾ ਇਸਤਰੀ ਬਣਾ ਅਤੇ ਉਸ ਦੇ ਰਾਹੀਂ ਵਿਕਾਰਾਂ ਦੀ ਥਾਂ ਰੱਬੀ ਮਿਲਾਪ ਦੇ ਰੰਗ-ਤਮਾਸ਼ੇ ਮਾਣ; ਵਿਕਾਰਾਂ ਵਿਚ ਮਲੀਨ ਹੋ ਰਹੇ ਮਨ ਨੂੰ ਪਵਿੱਤਰ ਕਰਨ ਦਾ ਯਤਨ ਕਰ। ਪ੍ਰਭੂ ਦੇ ਦਰ ਸਾਬਤ ਸੂਰਤਿ ਰਹਿ ਕੇ ਦਸਤਾਰ ਦੀ ਸੋਭਾ ਪ੍ਰਾਪਤ ਕਰ। ਇਸ ਤਰ੍ਹਾਂ ਲੋਕ-ਪ੍ਰਲੋਕ ਵਿਚ ਦਸਤਾਰ ਰੂਪੀ ਇੱਜ਼ਤ ਪ੍ਰਾਪਤ ਕਰ, ਜੀਵਨ ਸਫ਼ਲਾ ਕਰ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੇ ਦਰਬਾਰ ਵਿਚ ਪ੍ਰਵਾਨ ਸੇਵਕਾਂ ਨੂੰ ਸਿਰੋਪਾਉ ਬਖਸ਼ਣ ਦੀ ਰੀਤ ਚਲਾਈ। ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਪੂਰਬ ਦੀ ਉਦਾਸੀ ਸਮੇਂ ਬਿਸ਼ੰਭਰਪੁਰ ਗਏ ਤਾਂ ਉੱਥੇ ਸਾਲਸ ਰਾਏ ਜੌਹਰੀ ਨੂੰ ਅਕਾਲ ਪੁਰਖ ਦਾ ਸੇਵਕ ਜਾਣ ਉਸ ਨੂੰ ਦਸਤਾਰ ਬਖਸ਼ਿਸ਼ ਕਰ, ਪ੍ਰਚਾਰਕ ਨਿਯੁਕਤ ਕੀਤਾ ਸੀ। (ਦੇਖੋ ਜਨਮ ਸਾਖੀ ਪਰੰਪਰਾ, ਪੰਨਾ ੨੬੩) ਫਿਰ ਇਹੋ ਰੀਤ ਅਗਲੇ ਗੁਰੂ ਸਾਹਿਬਾਨ ਨੇ ਅਪਣਾਈ। ਸ੍ਰੀ ਗੁਰੂ ਅੰਗਦ ਦੇਵ ਜੀ ਵੀ ਪ੍ਰਮੁੱਖ ਸੇਵਕ ਨੂੰ ਸਿਰੋਪਾਉ ਦੀ ਬਖਸ਼ਿਸ਼ ਕਰਦੇ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿਚ ਸ੍ਰੀ ਗੁਰੂ ਅਮਰਦਾਸ ਜੀ ਲਗਾਤਾਰ ਜੁਟੇ ਰਹਿੰਦੇ, ਗੁਰੂ ਜੀ ਸਾਲ ਬਾਅਦ ਉਨ੍ਹਾਂ ਨੂੰ ਦਸਤਾਰ ਦਾ ਸਿਰੋਪਾਉ ਦਿੰਦੇ। ਸ੍ਰੀ ਗੁਰੂ ਅਮਰਦਾਸ ਜੀ ਨੂੰ ਬਾਰ੍ਹਾਂ ਸਾਲ ਸਿਰੋਪਾਉ ਮਿਲਦੇ ਰਹੇ, ਅੰਤ ਉਨ੍ਹਾਂ ਨੂੰ ਅਕਾਲ ਪੁਰਖ ਦੇ ਦਰ ਪਰਵਾਨ ਦੇਖ ਗੁਰੂ ਜੀ ਨੇ ਗੁਰਗੱਦੀ ‘ਤੇ ਸੁਸ਼ੋਭਿਤ ਕੀਤਾ।

ਫਿਰ ਗੁਰੂ ਸਾਹਿਬਾਨ ਨੇ ਸਤਿਗੁਰਾਂ ਦੇ ਦਰਬਾਰ ਦੇ ਅਣਥੱਕ ਸੇਵਕਾਂ ਨੂੰ ਮਸੰਦ ਨਿਯੁਕਤ ਕੀਤਾ। ਇਨ੍ਹਾਂ ਨੂੰ ਗੁਰੂ ਸਾਹਿਬ ਹਰ ਸਾਲ ਦਸਤਾਰ ਦਾ ਸਿਰੋਪਾਉ ਦੇ ਕੇ ਨਿਵਾਜਦੇ। ਇਸ ਦਾ ਜ਼ਿਕਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਮੋਹਸਿਨ ਫਾਨੀ ਆਪਣੀ ਪੁਸਤਕ ‘ਦਬਸਿਤਾਨ ਮਜ਼ਾਹਬ’ ਵਿਚ ਕਰਦਾ ਹੈ: “ਵਿਸਾਖੀ ਵਾਲੇ ਦਿਨ ਮਸੰਦ ਗੁਰੂ ਦਰਬਾਰ ਆ ਇਕੱਠੇ ਹੁੰਦੇ ਹਨ। ਜੋ ਵੀ ਮੇਲੀ ਗੁਰੂ ਦਰਸ਼ਨਾਂ ਦੀ ਚਾਹ ਪ੍ਰਗਟ ਕਰਦਾ ਹੈ, ਇਹ ਮਸੰਦ ਨਾਲ ਲੈ ਕੇ ਆਉਂਦੇ ਹਨ। ਜਦੋਂ ਮਸੰਦ ਗੁਰੂ ਜੀ ਤੋਂ ਵਿਦਾਇਗੀ ਲੈਂਦੇ ਹਨ ਤਾਂ ਇਨ੍ਹਾਂ ਨੂੰ ਦਸਤਾਰ ਦੇ ਰੂਪ ਵਿਚ ਬਖਸ਼ਿਸ਼ ਕੀਤੀ ਜਾਂਦੀ ਹੈ- ਦਰ ਹੰਗਾਮੇ ਰੁਖਸਤ ਹਰ ਕਦਾਮੇਂ, ਅਜ਼ ਮਸੰਦਾ ਰਾ ਗੁਰੂ ਦਸਤਾਰ-ਇ-ਅਨਾਇਤ ਕੁਨੰਦ।

(‘ਕਥਾ ਪੁਰਾਤਨ ਇਉ ਸੁਣੀ’, ਪੰਨਾ-੮)

ਪਰ ਜਦੋਂ ਇਹ ਸਿਮਰਨ ਸੇਵਾ ਵਿਚ ਰਹਿਣ ਵਾਲੇ ਮਸੰਦ ਕੁਝ ਪੀੜ੍ਹੀਆਂ ਬਾਅਦ ਮਾਇਆਧਾਰੀ ਹੋ ਗਏ। ਇਹ ਪ੍ਰਭੂ-ਦਰਬਾਰ ਵਿਚ ਬਖਸ਼ਿਸ਼ ਦੇ ਅਧਿਕਾਰੀ ਨਾ ਰਹੇ, ਇਸ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਮਸੰਦਾਂ ਨੂੰ ਖਾਰਿਜ ਕਰ ਦਿੱਤਾ । ਗੁਰੂ ਜੀ ਨੇ ਸੰਗਤ ਦੀ ਪ੍ਰੀਖਿਆ ਲਈ ਜੋ ਅਕਾਲ ਪੁਰਖ ਦੀ ਬਖਸ਼ਿਸ਼ ਦੇ ਪਾਤਰ ਦੇਖੇ ਉਨ੍ਹਾਂ ਨੂੰ ਸਦਾ ਲਈ ਰਹਿਤ ਵਜੋਂ ਦਸਤਾਰ ਬਖਸ਼, ਖਾਸ ਰੂਪ ਖਾਲਸਾ ਬਣਾ ਦਿੱਤਾ।

ਇਸ ਲਈ ਇਹ ਸਾਫ ਹੈ, ਜੋ ਮਨੁੱਖ ਵਿਸ਼ੇ-ਵਿਕਾਰਾਂ ਨੂੰ ਛੱਡ, ਸੇਵਾ-ਸਿਮਰਨ ਦੀ ਕਮਾਈ ਕਰ, ਪ੍ਰਭੂ ਦੇ ਦਰਬਾਰ ਵਿਚ ਇੱਜ਼ਤ ਪ੍ਰਾਪਤ ਕਰਦੇ, ਉਹ ਹੀ ਦਸਤਾਰ ਦੀ ਸੋਭਾ ਪ੍ਰਾਪਤ ਕਰਦੇ ਹਨ। ਨਵੀਂ ਪੀੜ੍ਹੀ ਨੂੰ ਇਸ ਦੇ ਮਹੱਤਵ ਤੋਂ ਜਾਣੂ ਕਰਵਾਉਣਾ ਵਕਤ ਦੀ ਅਹਿਮ ਲੋੜ ਹੈ।

 

-ਹਰਪ੍ਰੀਤ ਸਿੰਘ ‘ਨਾਜ਼’