‘ਮਹਾਨ ਕੋਸ਼’ ਅਨੁਸਾਰ ਸਾਖੀ ਤੋਂ ਭਾਵ ਇਤਿਹਾਸ ਅਥਵਾ ਕਥਾ ਹੈ ਜੋ ਅੱਖੀਂ ਡਿੱਠੀ ਕਹੀ ਗਈ ਹੋਵੇ ਅਤੇ ਸਾਖੀ ਤੋਂ ਦੂਜਾ ਭਾਵ ਅਰਥ ਸਿੱਖਯਾ ਜਾਂ ਨਸੀਹਤ ਹੈ।
ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਦੀ ਹਰੇਕ ਸਾਖੀ ਸਮੂਹ ਲੋਕਾਈ ਲਈ ਸਿੱਖਿਆ ਭਰਪੂਰ ਹੈ। ਬਾਲਪਨ ਤੋਂ ਅਸੀਂ ਪੜ੍ਹਦੇ, ਸੁਣਦੇ ਤੇ ਤਸਵੀਰਾਂ ਦੇਖਦੇ ਆ ਰਹੇ ਹਾਂ ਕਿ ਗੁਰੂ ਜੀ ਨੇ ਐਮਨਾਬਾਦ ਦੇ ਹਾਕਮ ਮਲਕ ਭਾਗੋ ਦੇ ਪਕਵਾਨਾਂ ਵਿੱਚੋਂ ਲਹੂ ਤੇ ਭਾਈ ਲਾਲੋ ਜੀ ਦੀ ਕੋਧਰੇ ਦੀ ਰੋਟੀ ਵਿੱਚੋਂ ਦੁੱਧ ਨਿਚੋੜ ਕੇ ਗਿਆਨ ਕਰਵਾ ਦਿੱਤਾ ਕਿ ਪਾਪ ਦੀ ਕਮਾਈ ਤੇ ਹੱਕ ਦੀ ਕਮਾਈ ਵਿਚ ਕੀ ਅੰਤਰ ਹੈ।
ਸਤਿਗੁਰਾਂ ਦੀ ਸਿੱਖਿਆ ਅਨੁਸਾਰ ਪਾਪ ਕਰਮ ਕਰ ਕੇ ਕੀਤਾ ਹੋਇਆ ਦਿਖਾਵੇ ਦਾ ਪੁੰਨ ਕਰਮ ਵੀ ਪਾਪ ਹੀ ਰਹੇਗਾ। ਮਲਕ ਭਾਗੋ ਹਉਮੈਂ ਬਿਰਤੀ, ਭ੍ਰਿਸ਼ਟ ਸੋਚ ਤੇ ਬੇਗਾਨੀ ਕਿਰਤ ਪ੍ਰਤੀ ਲੁੱਟ ਦਾ ਪਾਤਰ ਹੈ।
ਗੁਰੂ ਜੀ ਨੇ ਅਜਿਹੇ ਅਧਰਮੀ ਦੇ ਬ੍ਰਹਮ ਭੋਜ ਨੂੰ ਪ੍ਰਵਾਨਿਆ ਨਹੀਂ, ਸਗੋਂ ਪਾਪ ਕਰਮ ਕਿਹਾ। ਇਸ ਲਈ ਸਿਰਫ਼ ਲੋਕ-ਵਿਖਾਵੇ ਦਾ ਪੁੰਨ, ਲੋਕ-ਵਿਖਾਵੇ ਦਾ ਅਡੰਬਰ, ਲੋਕ-ਵਿਖਾਵੇ ਦਾ ਧਰਮੀਪੁਣਾ ਚੰਗੇ ਸਮਾਜ ਲਈ ਸਦਾ ਹੀ ਘਾਤਕ ਹੁੰਦਾ ਹੈ। ਦੂਜੇ ਪਾਸੇ ਭਾਈ ਲਾਲੋ ਜੀ ਦੀ ਕੋਧਰੇ ਦੀ ਰੋਟੀ ‘ਚੋਂ ਟਪਕਦਾ ਦੁੱਧ ਸ਼ੁੱਧਤਾ, ਪਵਿੱਤਰਤਾ, ਬਲਵਾਨਤਾ ਤੇ ਧਰਮੀ ਪੁਰਸ਼ ਦੀ ਸੱਚੀ ਕਿਰਤ ਦੀ ਸ਼ਕਤੀ ਦਾ ਗਵਾਹ ਹੈ। ਉਸ ਘਰ ਪਰਵਾਰ, ਸਮਾਜ, ਕੌਮ ਜਾਂ ਦੇਸ਼ ਵਿਚ ਬਰਕਤ ਤੇ ਖੁਸ਼ਹਾਲੀ ਰਹੇਗੀ ਜਿੱਥੇ ਸੱਚੇ ਕਿਰਤੀ, ਸੱਚੇ ਪ੍ਰਭੂ ਦੀ ਕੀਰਤੀ ਕਰਦੇ ਹੋਏ, ਸਚਿਆਰਾਂ ਵਾਲਾ ਜੀਵਨ ਜਿਊਂਦੇ ਹੋਣਗੇ। ਪੰਜਾਬੀ ਜੀਵਨ ਵਿਚ ਲਹੂ ਪੀਣਾ ਤੇ ਦੁੱਧ ਪੀਣਾ ਆਪਣੇ ਆਪ ਹੀ ਭਾਵ ਅਰਥ ਸਪੱਸ਼ਟ ਕਰ ਦਿੰਦੇ ਹਨ। ਤੱਤਸਾਰ ਵਜੋਂ ਇਸ ਸਾਖੀ ਵਿਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਸ਼ਵ ਲਈ ਉਪਦੇਸ਼ ਹੈ ਕਿ ਸੱਚੀ ਕਿਰਤ ਹੀ ਸੁਖਾਂ ਦੀ ਪ੍ਰਾਪਤੀ ਤੇ ਖੁਸ਼ਹਾਲੀ ਦਾ ਖ਼ਜ਼ਾਨਾ ਹੈ।
-ਡਾ. ਇੰਦਰਜੀਤ ਸਿੰਘ ਗੋਗੋਆਣੀ
