1 views 8 secs 0 comments

ਬਚੋ ਸਮੈਕ ਦੀ ਸੁਨਾਮੀ ਤੋਂ

ਲੇਖ
April 23, 2026

ਅੱਜ ਵਿਸ਼ਵ ਦਾ ਕੋਈ ਵੀ ਅਜਿਹਾ ਦੇਸ਼ ਨਹੀਂ ਜੋ ਨਸ਼ਿਆਂ ਦੀ ਗਹਿਰੀ ਦਲਦਲ ਵਿਚ ਨਾ ਫਸਿਆ ਹੋਵੇ। ਸਮੁੱਚੇ ਸੰਸਾਰ ਵਿਚ ਜਮਹੂਰੀਅਤ ਸਰਕਾਰਾਂ ਦੇ ਨਾਲ ਨਾਲ ਕਈ ਸੰਸਥਾਵਾਂ ਦੇ ਵੀ ਨਸ਼ਿਆਂ ਦੀ ਅਲਾਮਤ (ਕੋਹੜ) ਨੂੰ ਜੜ੍ਹੋਂ ਪੁੱਟਣ ਲਈ ਪੂਰੇ ਜੋਸ਼ ਨਾਲ ਸਰਗਰਮ ਹੋਣ ਦੇ ਬਾਵਜੂਦ ਨਸ਼ਿਆਂ ਦਾ ਕੋਹੜ ਵੱਧਦਾ ਹੀ ਜਾ ਰਿਹਾ ਹੈ ਜੋ ਸਮੁੱਚੇ ਸੰਸਾਰ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਗੁਰੂਆਂ-ਪੀਰਾਂ ਦੀ ਧਰਤੀ ਅਖਵਾਉਂਦਾ ਪੰਜਾਬ ਵੀ ਨਸ਼ਾ-ਕੋਹੜ ਤੋਂ ਮੁਕਤ ਨਹੀਂ ਰਹਿ ਸਕਿਆ। ਹਰ ਖੇਤਰ ਵਿਚ ਬੇਮਿਸਾਲ ਪ੍ਰਾਪਤੀਆਂ ਕਰਕੇ ਦੁਨੀਆਂ ‘ਤੇ ਆਪਣੀ ਧਾਂਕ (ਪਕੜ) ਜਮਾਉਣ ਵਾਲੀ ਪੰਜਾਬੀਆਂ ਦੀ ਨੌਜਵਾਨ ਪੀੜੀ, ਗੁਰੂਆਂ ਦੀ ਸਿੱਖਿਆ ਤੋਂ ਬੇਮੁੱਖ ਹੋ ਕੇ ਪਹਿਲਾਂ ਸ਼ਰਾਬ ਦੇ ਸਮੁੰਦਰ ਵਿਚ ਗਰਕ ਹੋਈ, ਫਿਰ ਇਸ ਨੇ ਜਗਤ ਜੂਠ ਤੰਬਾਕੂ ਤੇ ਇਸ ਤੋਂ ਬਣੀਆਂ ਵਸਤੂਆਂ ਨੂੰ ਮੂੰਗਫਲੀ ਦੀ ਤਰ੍ਹਾਂ ਚੱਬਿਆ। ਮੌਤ ਦੇ ਮੂੰਹ ਜਾ ਰਹੀ ਇਨਸਾਨੀ ਜ਼ਿੰਦਗੀ ਨੂੰ ਨਵਾਂ ਜੀਵਨ ਪ੍ਰਦਾਨ ਕਰਨ ਵਾਲੀਆਂ ਦਵਾਈਆਂ, ਗੋਲੀਆਂ, ਕੈਪਸੂਲ ਤੇ ਟੀਕੇ ਅੱਜ ਪੰਜਾਬੀ ਜਵਾਨਾਂ ਨੇ ਆਪਣੀ ਨਸ਼ਾ ਪੂਰਤੀ ਲਈ ਰੱਜ ਕੇ ਵਰਤੇ। ਇੰਨਾ ਕੁਝ ਡਕਾਰਨ (ਖਾਣ) ਨਾਲ ਇਨ੍ਹਾਂ ਦੀ ਤ੍ਰਿਸ਼ਨਾ (ਭੁੱਖ) ਸ਼ਾਂਤ ਨਹੀਂ ਹੋਈ, ਸਗੋਂ ਵੱਧਦੀ ਹੀ ਗਈ। ਇਹੀ ਕਾਰਨ ਹੈ ਕਿ ਮਨੁੱਖੀ ਜ਼ਿੰਦਗੀ ਦਾ ਸਰਵਨਾਸ਼ ਕਰਕੇ (ਕਬਰਾਂ ਤੱਕ ਪਹੁੰਚਾ) ਖਹਿੜਾ ਛੱਡਣ ਵਾਲੇ ਨਸ਼ੇ ਦਾ ਨਾਮ ਹੈ ‘ਸਮੈਕ’ ਜੋ ਅੱਜ ਪੰਜਾਬੀ ਗੱਭਰੂਆਂ ਦਾ ਪਸੰਦੀਦਾ ਨਸ਼ਾ ਬਣ ਚੁੱਕੀ ਹੈ। ਸਮੈਕ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਨੁਕਤੇ ਆਪ ਜੀ ਨਾਲ ਸਾਂਝੇ ਕਰਨ ਦਾ ਜਤਨ ਕੀਤਾ ਜਾ ਰਿਹਾ ਹੈ।

ਸਮੈਕ ਕੀ ਹੈ : ਕੁੱਲ ਨਸ਼ਿਆਂ ਦਾ ਸਿਰਤਾਜ ਨਸ਼ਾ ਬਣੀ ‘ਸਮੈਕ ਦਰਅਸਲ ਇਕ ਬਹੁਤ ਹੀ ਕੌੜਾ (ਨਸ਼ੀਲਾ) ਪਾਉਡਰ ਹੁੰਦਾ ਹੈ ਜਿਹੜਾ ਅਫੀਮ ਦੇ ਡੋਡਿਆਂ ਤੋਂ ਨਿਕਲਣ ਵਾਲੇ ਦੁੱਧ ਨੂੰ ਸੁਕਾ ਕੇ, ਹੋਰ ਤੇਜ਼ ਜ਼ਹਿਰੀਲਾ ਕਰਨ ਹਿੱਤ ਇਸ ਵਿਚ ਕੁਝ ਰਸਾਇਣਿਕ ਪਦਾਰਥ ਪਾ ਕੇ ਫੈਕਟਰੀਆਂ ਵਿਚ ਤਿਆਰ ਕੀਤਾ ਜਾਂਦਾ ਹੈ।

ਹੈਰੋਇਨ ਨੂੰ ਬਣਾਉਂਦੇ ਸਮੇਂ ਜੋ ਰਹਿੰਦ-ਖੂੰਹਦ ਬਚ ਜਾਂਦਾ ਹੈ, ਉਸ ਵਿਚ ਕੁਕੀਨ,ਕੁਚਲਾ, ਬਲੀਚਿੰਗ ਪਾਊਡਰ, ਧਤੂਰਾ, ਲੈਕਟੋਜ਼, ਗੁੜ, ਮੈਦਾ, ਅਗਰਬੱਤੀਆਂ ਦੀ ਸੁਆਹ ਤੇ ਇੱਟਾਂ ਦੇ ਚੂਰੇ ਨੂੰ ਮਿਲਾ ਕੇ ‘ਸਮੈਕ’ ਤਿਆਰ ਕੀਤੀ ਜਾਂਦੀ ਹੈ।

ਪੈਦਾਵਾਰ : ਸਮੈਕ ਹੈਰੋਇਨ ਤੋਂ ਤਿਆਰ ਹੁੰਦੀ ਹੋਣ ਕਰਕੇ ਪੈਦਾ ਵੀ ਉਨ੍ਹਾਂ ਦੇਸ਼ਾਂ ਵਿਚ ਜ਼ਿਆਦਾ ਹੁੰਦੀ ਹੈ, ਜਿਥੇ ਹੈਰੋਇਨ ਜ਼ਿਆਦਾ ਪੈਦਾ ਹੁੰਦੀ ਹੈ। ਇਸ ਨੂੰ ਪੈਦਾ ਕਰਨ ਵਾਲਿਆਂ ਵਿਚ ਪ੍ਰਮੁੱਖ ਦੇਸ਼ ਪਾਕਿਸਤਾਨ, ਅਫ਼ਗਾਨਿਸਤਾਨ, ਈਰਾਨ, ਬਰਮਾ, ਲਾਉਸ ਤੇ ਥਾਈਲੈਂਡ ਪ੍ਰਮੁੱਖ ਹਨ।

ਵਪਾਰ : ਸਮੈਕ ਦੀ ਵਿਕਰੀ ਸੰਬੰਧੀ ਗੱਲ ਸਮੁੱਚੇ ਵਿਸ਼ਵ ਜਾਂ ਸਮੁੱਚੇ ਭਾਰਤ ਦੀ ਨਾ ਕਰਦੇ ਹੋਏ ਆਪਾਂ ਇਥੇ ਆਪਣੇ ਘਰ ਪੰਜਾਬ ਦੀ ਗੱਲ ਕਰੀਏ। ਜਿਵੇਂ ਕਿ ਉਪਰ ਲਿਖਿਆ ਜਾ ਚੁੱਕਾ ਹੈ ਕਿ ਪਾਕਿਸਤਾਨ ਸਮੈਕ ਪੈਦਾ ਕਰਨ ਵਾਲਾ ਪ੍ਰਮੁੱਖ ਦੇਸ਼ ਹੈ। ਪੰਜਾਬ ਵੀ ਇਕ ਸਰਹੱਦੀ ਸੂਬਾ ਹੈ ਜਿਸ ਦੀ ਸਮੁੱਚੀ ਸੀਮਾ ਪਾਕਿਸਤਾਨ ਨਾਲ ਲੱਗਦੀ ਹੋਣ ਕਰਕੇ ਸਾਡੇ ਪੰਜਾਬ ਵਿਚ ਸਮਗਲਿੰਗ ਆਸਾਨੀ ਨਾਲ ਹੋ ਰਹੀ ਹੈ। ਇਸੇ ਕਰਕੇ ਇਸ ਨੇ ਆਪਣਾ ਸਭ ਤੋਂ ਵੱਧ ਪ੍ਰਭਾਵ ਵੀ ਸਾਡੇ ਪੰਜਾਬ ਵਿਚ ਪਾਇਆ।

ਸਮੈਕ ਵਰਤਣ ਵਾਲੇ ਲੋਕ : ਸਮੈਕ ਮਹਿੰਗਾ ਨਸ਼ਾ ਹੋਣ ਕਰਕੇ ਸ਼ੁਰੂ ਸ਼ੁਰੂ

ਵਿਚ ਤਾਂ ਅਮੀਰ ਘਰਾਂ ਦੇ ਵਿਗੜੇ ਹੋਏ ਕਾਕਿਆਂ ਤੱਕ ਸੀਮਤ ਸੀ, ਪਰ ਅੱਜ ਇਸ ਨੇ ਆਪਣਾ ਘੇਰਾ ਹੋਰ ਵਿਸ਼ਾਲ ਕਰਕੇ ਮੱਧ ਵਰਗ ਨੂੰ ਵੀ ਆਪਣੀ ਗਲਵਕੜੀ ਵਿਚ ਲੈ ਲਿਆ ਹੈ। ਮੱਧ ਵਰਗ ਦੇ ਕਾਕੇ ਤਾਂ ਹੁਣ ਅਮੀਰ ਵਰਗ ਦੇ ਕਾਕਿਆਂ ਨੂੰ ਪਛਾੜਨ ਲਈ ਹਰ ਸੰਭਵ ਜਤਨ ਕਰ ਰਹੇ ਹਨ, ਜਿਸ ਦਾ ਪ੍ਰਤੱਖ ਪ੍ਰਮਾਣ ਆਪਣੇ ਘਰ ਦਾ ਭਾਂਡਾ-ਟੀਂਡਾ ਵੇਚਣ ਉਪਰੰਤ ਲੋਕਾਂ ਦੇ ਘਰਾਂ ਵਿਚੋਂ ਕੀਤੀ ਜਾਂਦੀ ਲੁੱਟ-ਮਾਰ ਹੈ। ਜਿੰਨੀਆਂ ਵੀ ਚੋਰੀਆਂ ਹੋ ਰਹੀਆਂ ਹਨ ਉਨ੍ਹਾਂ ਵਿਚ ਜਾਂਚ-ਪੜਤਾਲ ਉਪਰੰਤ ਸ਼ਮੂਲੀਅਤ ਸਮੈਕੀਆਂ ਦੀ ਹੀ ਪਾਈ ਜਾਂਦੀ ਹੈ। ਪੰਜਾਬ ਦੇ ਕੋਨੇ ਕੋਨੇ ਅੰਦਰ ਪਹੁੰਚੀ ਸਮੈਕ ਨਾਲ ਸਭ ਤੋਂ ਵੱਧ ਪ੍ਰਭਾਵਤ ਸਕੂਲ, ਕਾਲਜ, ਯੂਨੀਵਰਸਿਟੀਆਂ ਤੇ ਮਜ਼ਦੂਰ ਵਰਗ ਹੋਇਆ ਹੈ। ਇਸ ਨੂੰ ਪੀਣ ਵਾਲਿਆਂ ਦੀ ਗਿਣਤੀ ਵਿਚ ਜ਼ਿਆਦਾ ਗਿਣਤੀ ੧੮ ਤੋਂ ੩੦ ਸਾਲ ਦੇ ਯੁਵਕਾਂ ਦੀ ਪਾਈ ਜਾਂਦੀ ਹੈ। ਪਰ ਇਸ ਨਸ਼ੇ ਵਿਚ ਖਚਤ ਹੋਣ ਤੋਂ ਬਾਅਦ ਸਮੈਕੀਆ ਵੱਧ ਤੋਂ ਵੱਧ ਪੰਜ-ਸੱਤ ਸਾਲ ਹੀ ਜਿਉਂਦਾ ਹੈ। ਹੁਣ ਇਹ ਤਾਂ ਨੌਜਵਾਨ ਸੋਚਣ ਕਿ ਜ਼ਿੰਦਗੀ ਜੀਣ ਲਈ ਹੈ ਨਾ ਕਿ ਆਪਣੇ ਹੱਥੀਂ ਤਬਾਹੀ ਕਰਨ ਲਈ। ਸਮੂਹ ਸਮਾਜ ਲਈ ਜਾਗਰਤ ਹੋਣਾ ਜ਼ਰੂਰੀ ਹੈ ।

-ਭਾਈ ਜਗਜੀਤ ਸਿੰਘ ‘ਦੋਦੇ’