ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ॥
ਪੜਿ ਪੜਿ ਪੰਡਿਤ ਜੋਤਕੀ ਥਕੇ ਭੇਖੀ ਭਰਮਿ ਭੁਲਾਇ॥
{ਅੰਗ ੬੮}
ਇਸ ਸੰਸਾਰ ਵਿੱਚ ਜੀਣ ਵਾਲਾ ਹਰ ਮਨੁੱਖ ਸੁਖ ਸ਼ਾਂਤੀ ਅਤੇ ਆਰਾਮ ਵਾਲਾ ਜੀਵਨ ਬਤੀਤ ਕਰਨਾ ਚਾਹੁੰਦਾ ਹੈ ਅਤੇ ਇਸ ਸੁਖ ਦੀ ਪ੍ਰਾਪਤੀ ਲਈ ਉਹ ਆਪਣੀ ਅਕਲ ਵਰਤ ਕੇ ਕਈ ਉਪਰਾਲੇ ਜੁਟਾਂਦਾ ਹੈ। ਦੁਨੀਆ ਵਿੱਚ ਮਾਇਆ ਦੇ ਪਸਰੇ ਪਸਾਰੇ ਨੂੰ ਦੇਖ ਕੇ ਉਹ ਭਰਮਤ ਹੋ ਜਾਂਦਾ ਹੈ ਕਿ ਇਸ ਮਾਇਆ ਦੀ ਪ੍ਰਾਪਤੀ ਵਿੱਚ ਹੀ ਸਭ ਸੁਖ ਅਤੇ ਸ਼ਾਂਤੀ ਉਪਲੱਬਧ ਹੈ। ਇਸ ਲਈ ਮਾਇਆ ਨੂੰ ਇਕੱਤਰ ਕਰਨ ਹਿਤ ਉਹ ਸਭ ਅਸੂਲਾਂ, ਸਿਧਾਂਤਾਂ ਨੂੰ ਛਿੱਕੇ ਤੇ ਟੰਗ ਕੇ ਵੀ ਆਪਣੇ ਮਨੋਰਥ ਨੂੰ ਪੂਰਾ ਕਰਨਾ ਲੋਚਦਾ ਹੈ ਅਤੇ ਆਪਣੀ ਜ਼ਮੀਰ, ਆਪਣੇ ਇਖ਼ਲਾਕ, ਸਦਾਚਾਰ ਤੇ ਨੇਕ ਵਿਹਾਰ ਤਕ ਨੂੰ ਵੀ ਦਾਅ ਤੇ ਲਗਾ ਦੇਂਦਾ ਹੈ। ਅਜਿਹਾ ਕਰਦਿਆਂ ਉਹ ਇਕ ਐਸੇ ਭਰਮਾਊ ਚੱਕਰ ਵਿੱਚ ਫਸ ਜਾਂਦਾ ਹੈ ਜਿਸ ਤੋਂ ਨਿਕਲਣਾ ਉਸ ਲਈ ਅਤਿਅੰਤ ਕਠਨ ਬਣ ਜਾਂਦਾ ਹੈ। ਸੁਖ, ਜਿਸਦੀ ਪ੍ਰਾਪਤੀ ਲਈ ਉਹ ਸਭ ਕੁਝ ਕਰਦਾ ਹੈ, ਆਖਰ ਉਸ ਲਈ ਚਿੰਤਾ, ਪਰੇਸ਼ਾਨੀ, ਤਨਾਓ ਤੇ ਪਸ਼ੇਮਾਨੀ ਦਾ ਕਾਰਨ ਬਣ ਜਾਂਦਾ ਹੈ। ਇਵੇਂ ਮਨੁੱਖ ਜ਼ਿੰਦਗੀ ਦੇ ਮੁੱਖ ਆਸ਼ੇ ਤੋਂ ਭਟਕ ਜਾਂਦਾ ਹੈ ਜੋ ਪ੍ਰਭੂ ਮਿਲਾਪ ਹੈ, ਉੱਚਾ ਸੁੱਚਾ ਤੇ ਸਹਿਜ ਆਨੰਦ ਮਈ ਜੀਵਨ ਜੀਣਾ ਹੈ। ਦਰਅਸਲ ਉਹ ਇਸ ਸਹਿਜ ਨਾਲ ਸਜੇ ਜੀਵਨ ਨੂੰ ਪਛਾਣ ਹੀ ਨਹੀਂ ਸਕਦਾ ਤੇ ਜੀਵਨ ਭਰ ਡਿਕੋਡੋਲੇ ਖਾਂਦਾ ਰਹਿੰਦਾ ਹੈ।
ਇਹ ਸਹਿਜ ਅਵਸਥਾ ਕੀ ਹੈ ਜੋ ਸੁਖਦਾਈ ਹੈ, ਆਨੰਦਮਈ ਹੈ ਅਤੇ ਹਰ ਪਰਕਾਰ ਦੇ ਸ਼ੁਭ ਗੁਣਾਂ ਨਾਲ ਓਤ ਪੋਤ ਹੈ। ਗੁਰਬਾਣੀ ਅਨੁਸਾਰ ਸਹਿਜ ਅਵਸਥਾ ਜੀਵਨ ਦੀ ਉਹ ਸਥਿਤੀ ਹੈ, ਆਤਮਾ ਦੀ ਉਹ ਹਾਲਤ ਹੈ ਜੋ ਤਿੰਨਾਂ ਗੁਣਾਂ ਰਜੋ, ਤਮੋ ਤੇ ਸਤੋ ਤੋਂ ਉੱਚੀ ਅਸਲੀ ਤੇ ਸੁੱਚੇ ਗਿਆਨ ਵਾਲੀ ਅਵਸਥਾ ਹੈ ਜਿਸ ਵਿੱਚ ਆਤਮਾ ਸ਼ਾਂਤ, ਅਡੋਲ ਤੇ ਨਿਰਮਲ ਹੋ ਕੇ ਆਪਣੇ ਮੂਲ ਸਰੋਤ ਵਿੱਚ ਟਿਕ ਜਾਂਦੀ ਹੈ। ਅਜਿਹੀ ਸਥਿਤੀ ਦੇ ਵਾਪਰ ਜਾਣ ਨਾਲ ਅਭਿਲਾਸ਼ੀ ਦਾ ਜੀਵਨ ਇਕ ਕੁਦਰਤੀ ਜੀਵਨ ਹੋ ਨਿਬੜਦਾ ਹੈ। ਨੇਕੀ, ਪਿਆਰ ਅਤੇ ਸਦਭਾਵਨਾ ਉਸਦੇ ਅੰਦਰੋਂ ਆਪ ਮੁਹਾਰੇ ਫੁਟ ਫੁਟ ਕੇ ਨਿਕਲਦੇ ਹਨ। ਜ਼ਿੰਦਗੀ ਅਸਲੀਅਤ ਉੱਤੇ ਅਧਾਰਤ ਹੋ ਕੇ ਦਿਖਾਵੇ ਤੋਂ ਮੁਕਤ ਹੋ ਜਾਂਦੀ ਹੈ। ਨੇਕੀ, ਹਮਦਰਦੀ ਤੇ ਪਰਸਪਰ ਮਾਨਵ ਪਿਆਰ ਵਲ ਝੁਕਾਓ
ਕਿਸੇ ਵਿਸ਼ੇਸ਼ ਤਰੱਦਦ, ਹਠ ਜੋਗ, ਲਾਲਚ ਅਤੇ ਦਬਾਓ ਕਰਕੇ ਨਹੀਂ ਸਗੋਂ ਸੁੱਤੇ ਸਿਧ ਹੀ ਹੁੰਦਾ ਹੈ। ਇਸ ਸਹਿਜ ਅਵਸਥਾ ਦੇ ਗੁਣਾਂ ਦਾ ਵਰਨਣ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਰਾਗ ਸਿਰੀ ਰਾਗੁ ਵਿਚਲੇ ਆਪਣੇ ਇਕ ਸ਼ਬਦ ਵਿੱਚ ਬੜੇ ਵਿਸਥਾਰ ਸਹਿਤ ਕੀਤਾ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਗ 68 ਤੇ ਸੁਭਾਇਮਾਨ ਹੈ। ਸ਼ਬਦ ਦੀਆਂ ਕੁਝ ਪੰਗਤੀਆਂ ਇਸ ਪਰਕਾਰ ਹਨ:
ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਏ॥ ਭਾਈ ਰੇ ਗੁਰ ਬਿਨੁ ਸਹਜੁ ਨ ਹੋਇ॥ ਸਬਦੈ ਹੀ ਤੇ ਸਹਜੁ ਉਪਜੈ ਹਰਿ ਪਾਇਆ ਸਚੁ ਸੋਇ ॥ ਰਹਾਉ॥
ਇਸੇ ਸ਼ਬਦ ਵਿੱਚ ਅੱਗੇ ਹੋਰ ਫਰਮਾਉਂਦੇ ਹਨ :
ਮਾਇਆ ਵਿਚਿ ਸਹਜੁ ਨ ਊਪਜੈ ਮਾਇਆ ਦੂਜੈ ਭਾਇ॥
ਅਤੇ ਇਹ ਸਹਿਜ ਕਿਥੇ ਮਿਲਦਾ ਹੈ? ਇਸ ਬਾਰੇ ਫਰਮਾਨ ਹੈ :
ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ॥
ਇਹ ਚੌਥਾ ਪਦ ਕੀ ਹੈ? ਸੰਖੇਪ ਵਿੱਚ ਦੱਸਿਆ ਜਾਂਦਾ ਹੈ ਕਿ ਮਨੁੱਖ ਆਮ ਕਰਕੇ ਤਿੰਨ ਹਾਲਤਾਂ ਭਾਵ (1) ਰਜੋ, (2) ਸਤੋ ਤੇ (3) ਤਮੋ ਵਿਚ ਵਿਚਰਦਾ ਹੈ। ਗੁੱਸੇ ਹੰਕਾਰ ਵਿੱਚ ਉਹ ਅਗਿਆਨੀ ਹੈ, ਅੰਨ੍ਹਾ ਹੈ ਅਤੇ ਆਪਣੇ ਵਸ ਵਿੱਚ ਨਹੀਂ। ਤਾਮਸ ਗੁਣ ਨਾਲ ਭਰਿਆ ਹੋਣ ਕਾਰਨ ਉਸ ਵਕਤ ਉਹ ਜੜ੍ਹਵਤ ਹੈ। ਕਈ ਮਨੁੱਖਾਂ ਵਿੱਚ ਤ੍ਰਿਸ਼ਨਾਵਾਂ ਅਤੇ ਇੱਛਾਵਾਂ ਦਾ ਬੜਾ ਵੇਗ ਹੁੰਦਾ ਹੈ ਅਤੇ ਉਹ ਇਨ੍ਹਾਂ ਦੀ ਪ੍ਰਾਪਤੀ ਵਿੱਚੋਂ ਸੁਖ ਭਾਲਦੇ ਬੇਚੈਨ ਹੋਏ ਫਿਰਦੇ ਹਨ। ਅਜਿਹੇ ਪਰਾਣੀ ਰਜੋ ਪ੍ਰਭਾਵ ਵਿੱਚ ਹਨ। ਇਨ੍ਹਾਂ ਦੋਹਾਂ ਅਵਸਥਾਵਾਂ ਤੋਂ ਉਪਰ ਸਤ ਦੀ ਅਵਸਥਾ ਹੈ। ਇਹ ਅਵਸਥਾ ਉਦੋਂ ਆਪਣਾ ਪ੍ਰਭਾਵ ਪਾਉਂਦੀ ਹੈ ਜਦ ਮਨੁੱਖ ਸੰਸਾਰ ਤੋਂ ਬੇਨਿਆਜ਼ ਹੋ ਕੇ ਆਪਣੇ ਅੰਦਰ ਇਕ ਪਰਬਲ ਸ਼ਾਂਤੀ ਅਨੁਭਵ ਕਰਦਾ ਹੈ। ਇਸ ਬਿਰਤੀ ਦਾ ਧਾਰਨੀ ਹੋ ਕੇ ਉਹ ਬੇਲੋੜੇ ਸੰਸਾਰਿਕ ਰੁਝੇਵਿਆਂ ਨੂੰ ਤਿਲਾਂਜ ਦੇਂਦਾ ਹੈ ਅਤੇ ਇਨ੍ਹਾਂ ਤੋਂ ਉੱਪਰ ਉਠ ਜਾਂਦਾ ਹੈ। ਇਹ ਸਥਿਤੀ ਉਸ ਵਿੱਚ ਸਹਿਜ ਦੀ ਅਵਸਥਾ ਦਾ ਪ੍ਰਾਰੰਭ ਕਰਨ ਵਿੱਚ ਸਹਾਈ ਹੁੰਦੀ ਹੈ। ਗੁਰੂ ਦੀ ਕਿਰਪਾ ਨਾਲ ਜਦ ਮਨੁੱਖ ਸਹਿਜ ਅਵਸਥਾ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਤਾਂ ਉਹ ਹਰ ਪਰਕਾਰ ਦੇ ਲਾਲਚਾਂ, ਫਰੇਬਾਂ, ਚਿੰਤਾਵਾਂ ਤੇ ਤ੍ਰਿਸ਼ਨਾਵਾਂ ਤੋਂ ਉੱਪਰ ਉਠ ਕੇ ਨਿਰਮਲ ਜੀਵ ਬਣ ਜਾਂਦਾ ਹੈ ਅਤੇ ਸੱਚੇ ਪ੍ਰਮਾਤਮਾ ਨਾਲ ਉਸਦੀ ਲਿਵ ਬਝ ਜਾਂਦੀ ਹੈ।
ਸਾਚੈ ਸਬਦਿ ਸਹਜ ਧੁਨਿ ਉਪਜੈ ਮਨਿ ਸਾਚੈ ਲਿਵ ਲਾਈ।ਅੰਗ ੧੨੩੪
ਪਰ ਇਸ ਸਹਿਜ ਅਵਸਥਾ ਵਿੱਚ ਅਪੜਨ ਲਈ ਮਨੁੱਖ ਨੂੰ ਯੋਗ ਤਿਆਰੀ ਜ਼ਰੂਰ ਕਰਨੀ ਪੈਂਦੀ ਹੈ। ਗੁਰਬਾਣੀ ਵਿੱਚ ਇਸਦੇ ਤਰੀਕਿਆਂ ਦਾ ਵੀ ਯੋਗ ਵਰਨਣ ਮਿਲਦਾ ਹੈ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮ ਦਾਸ ਜੀ ਰਾਗ ਸੂਹੀ ਵਿਚ ਰਚੇ ਲਾਵਾਂ ਨਾਲ ਸਬੰਧਤ ਆਪਣੇ ਸ਼ਬਦ ਵਿੱਚ ਸਹਿਜ ਅਵਸਥਾ ਤਕ ਪਹੁੰਚਣ ਦੀਆਂ ਸਟੇਜਾਂ ਦਾ ਵਰਨਣ ਕਰਦੇ ਹਨ। ਸਬੰਧਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਗ-੭੭੩/੭੪ ‘ਤੇ ਅੰਕਤ ਹੈ। ਸ਼ਬਦ ਦੇ ਸਾਰ ਭਾਵ ਅਨੁਸਾਰ ਪਹਿਲੇ ਮਨੁੱਖ ਨੂੰ ਕਰਮ ਦ੍ਰਿੜਾਵਣ ਦੀ ਤਾਕੀਦ ਕੀਤੀ ਗਈ ਹੈ ਕਿ ਉਹ ਅਜਿਹੇ ਕਰਮ ਕਰੇ ਜੋ ਸਦਾਚਾਰ, ਧਰਮ ਅਤੇ ਸਮਾਜ ਦੇ ਪੱਖੋਂ ਪਰਮਾਣਤ ਹੋਣ ਅਤੇ ਧਰਮ ਨੂੰ ਸੁਦ੍ਰਿੜ ਕਰਨ। ਇਸਦੇ ਨਾਲ ਹੀ ਮਨੁੱਖ ਨੂੰ ਗ੍ਰਿਹਸਥ ਧਰਮ ਦੇ ਸਿਧਾਂਤਾਂ ਅਨੁਸਾਰ ਜੀਵਨ ਜੀਣ ਦੀ ਵੀ ਪ੍ਰੇਰਨਾ ਹੈ। ਇਵੇਂ ਕਰਨ ਨਾਲ ਮਨੁੱਖ ਹਰੀ ਨਾਮ ਵਿੱਚ ਰੁਝਦਾ ਹੈ ਜਿਸ ਕਰਕੇ ਉਸਦੇ ਪਾਪ ਨਾਸ ਹੋਣ ਲਗ ਪੈਂਦੇ ਹਨ ਅਤੇ ਇਵੇਂ ਸਹਿਜ ਅਵਸਥਾ ਤਕ ਪਹੁੰਚਣ ਦੇ ਰਾਹ ਮੋਕਲੇ ਹੋ ਜਾਂਦੇ ਹਨ।
ਸਹਿਜ ਅਵਸਥਾ ਦੀ ਪ੍ਰਾਪਤੀ ਦੀ ਦੂਜੀ ਸਟੇਜ ਤੇ ਪਹੁੰਚਣ ਤੇ ਮਨੁੱਖ ਆਪਣੇ ਡਰ ਭਓ ਨੂੰ ਖ਼ਤਮ ਕਰਕੇ ਨਿਰਭਓ ਹੋ ਜਾਂਦਾ ਹੈ, ਆਪਣੇ ਵਿਸ਼ਵਾਸ਼ ਅਤੇ ਪ੍ਰਭੂ ਪ੍ਰਤੀ ਭਾਵਨਾ ਨੂੰ ਪਰਪੱਕ ਕਰਦਾ ਹੈ ਪਰ ਇਸਦੇ ਨਾਲ ਨਾਲ ਆਪਣੇ ਅੰਦਰ ਹਲੀਮੀ ਤੇ ਨਿਮਰਤਾ ਦੇ ਸੁਭਾਵ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ। ਇਤਨਾ ਕੁਝ ਹੋ ਜਾਣ ਨਾਲ ਉਹ ਆਪਣੇ ਅੰਦਰੋਂ ਹਉਮੈ ਨੂੰ ਵੀ ਦੂਰ ਕਰਦਾ ਹੈ ਤਾ ਕਿ ਹਲੀਮੀਂ, ਨਿਮਰਤਾ ਅਤੇ ਪ੍ਰਭੂ-ਪ੍ਰੇਮ ਵਰਗੇ ਸੁੱਚੇ ਗੁਣ ਉਸਦੀ ਜ਼ਿੰਦਗੀ ਵਿੱਚ ਟਿਕ ਸਕਣ। ਇਵੇਂ ਉਹ ਸਹਿਜ ਪਦ ਦੀ ਪ੍ਰਾਪਤੀ ਵਲ ਅੱਗੇ ਵਧਦਾ ਹੋਇਆ ਸਭ ਜੀਵਾਂ ਵਿੱਚ ਵਾਹਿਗੁਰੂ ਦੇ ਨੂਰ ਨੂੰ ਹੀ ਦੇਖਦਾ ਹੈ ਅਤੇ ਅਕਾਲ ਉਸਤਤ ਵਿੱਚ ਲੀਨ ਰਹਿੰਦਾ ਹੈ।
ਤੀਜੀ ਸਟੇਜ ਤੇ ਅਭਿਲਾਸ਼ੀ ਸਹਿਜ ਅਵਸਥਾ ਵਲ ਹੋਰ ਅੱਗੇ ਵਧਦਾ ਹੋਇਆ ਪ੍ਰਭੂ ਮਿਲਾਪ ਦੇ ਨਾਲ ਨਾਲ ਪ੍ਰਭੂ ਵੈਰਾਗ ਦਾ ਵੀ ਆਨੰਦ ਮਾਣਦਾ ਹੈ। ਪ੍ਰਭੂ ਪ੍ਰੇਮ ਨਾਲ ਸਰਸ਼ਾਰ ਇਹ ਸਥਿਤੀ ਹਿਰਦੇ ਵਿੱਚ ਸੁੱਚੇ ਪ੍ਰੇਮ ਦੀ ਇਕ ਰੌਂ ਚਲਾ ਦੇਂਦੀ ਹੈ ਜਿਸ ਨਾਲ ਮਨ ਸੰਤੁਸ਼ਟ ਤੇ ਖੀਵਾ ਖੀਵਾ ਹੋਇਆ ਰਹਿੰਦਾ ਹੈ। ਅੰਤ ਵਿੱਚ ਚੌਥੀ ਸਟੇਜ ਤੇ ਅਪੜ ਕੇ ਅਭਿਲਾਸ਼ੀ ਪ੍ਰਮਾਤਮਾ ਦੇ ਨਾਮ ਦੇ ਪਵਿੱਤਰ ਸਰੋਵਰ ਵਿੱਚ ਚੁੱਭੀਆਂ ਲਾਉਂਦਾ ਹੈ, ਉਸਦਾ ਸਰੀਰ, ਉਸਦਾ ਰੋਮ ਰੋਮ ਖੁਦ ਪਵਿੱਤਰ ਹੋ ਜਾਂਦਾ ਹੈ, ਖੋਟੀ ਮਤ ਦੀ ਮੈਲ ਦਾ ਨਾਮੋ-ਨਿਸ਼ਾਨ ਉਸ ਵਿੱਚ ਨਹੀਂ ਰਹਿੰਦਾ, ਹਉਮੈ ਦੀ ਪੀੜ ਨਾਸ਼ ਹੋ ਜਾਂਦੀ ਹੈ ਅਤੇ ਮਨੁੱਖ ਸਦਾ ਲਈ ਆਨੰਦ ਤੇ ਸਹਿਜ ਦਾ ਧਾਰਨੀ ਹੋ ਜਾਂਦਾ ਹੈ। ਉਸਦੇ ਮਨ ਵਿੱਚ ਸੱਚ ਦਾ ਵਾਸਾ ਹੋ ਜਾਂਦਾ ਹੈ ਅਤੇ ਅਜਿਹਾ ਸੁਭਾਗਾ ਮਨੁੱਖ ਸੰਸਾਰ ਵਿੱਚ ਵਿਚਰਦਾ ਹੋਇਆ ਸੱਚੀ ਸੁੱਚੀ ਕਾਰ ਕਮਾਉਂਦਾ ਹੈ।
ਜਿਨ ਕੈ ਮਨਿ ਸਚੁ ਵਸਿਆ ਸਚੀ ਕਾਰ ਕਮਾਇ॥ ਅਨਦਿਨੁ ਸੇਵਹਿ ਸਹਜ ਸਿਉ ਸਚੇ ਮਾਹਿ ਸਮਾਇ॥{ਅੰਗ ੪੨੮}
ਇਹ ਸਹਿਜ ਦੀ ਅਵਸਥਾ ਗੁਰੂ ਦੀ ਕਿਰਪਾ ਨਾਲ ਨਸੀਬ ਹੁੰਦੀ ਹੈ, ਚੰਗੇ ਭਾਗ
ਹੋਣ ਤਾਂ ਇਸ ਮੁਰਾਤਬੇ ਤਕ ਪਹੁੰਚਿਆ ਜਾ ਸਕਦਾ ਹੈ ਜਿੱਥੇ ਦੁਖ ਸੁਖ ਬਹੁਤਾ ਅਸਰ ਨਹੀਂ ਕਰਦੇ। ਮਾਇਆ ਦੀ ਚਮਕ ਦਮਕ ਪਰੇਸ਼ਾਨ ਤੇ ਲੁਭਾਇਮਾਨ ਨਹੀਂ ਕਰਦੀ ਅਤੇ ਮਨੁੱਖ ਇਸ ਸੰਸਾਰ ਵਿੱਚ ਵਿਚਰਦਾ ਹੋਇਆ ਆਪਣੇ ਆਪ ਨੂੰ ‘ਬੇਗ਼ਮ-ਪੁਰੇ’ ਦਾ ਵਾਸੀ ਸਮਝਣ ਲਗ ਜਾਂਦਾ ਹੈ ਜਿਹੜਾ ਡਰ, ਚਿੰਤਾਵਾਂ ਅਤੇ ਪਰੇਸ਼ਾਨੀਆਂ ਤੋਂ ਮੁਕਤ ਹੈ। ਜਿੱਥੇ ਭਗਤ ਰਵੀਦਾਸ ਜੀ ਅਨੁਸਾਰ ਕੋਈ ਦੁਖ ਨਹੀਂ, ਧੋਖਾ ਨਹੀਂ, ਘਬਰਾਹਟ ਨਹੀਂ, ਮੇਰ ਤੇਰ ਨਹੀਂ, ਊਚ ਨੀਚ ਨਹੀਂ ਅਤੇ ਨਾ ਹੀ ਕਿਸੇ ਪਰਕਾਰ ਦੀ ਕੋਈ ਗੁਲਾਮੀ ਹੀ ਮੌਜੂਦ ਹੈ। ਇਸ ਤਰ੍ਹਾਂ ਸਹਿਜ ਅਵਸਥਾ ਦਾ ਧਾਰਨੀ ਮਨੁੱਖ ਸਦਾ ਵਿਗਾਸ ਦੇ ਜੀਵਨ ਦਾ ਆਨੰਦ ਮਾਣਦਾ ਹੈ ਅਤੇ ਇਸ ਸੰਸਾਰ ਦੇ ਕਾਰ ਵਿਹਾਰ ਕਰਦਾ ਹੋਇਆ ਉਹ ਹਰ ਪਰਕਾਰ ਦੇ ਉੱਚੇ ਸੁੱਚੇ ਜੀਵਨ ਦਾ ਸ਼ੋਭਨੀਕ ਪਾਤਰ ਬਣਿਆ ਰਹਿੰਦਾ ਹੈ । ਵਾਹਿਗੁਰੂ ਸਦਾ ਉਸਦੇ ਹਿਰਦੇ ਵਿੱਚ ਸਮਾਇਆ ਰਹਿੰਦਾ ਹੈ।
ਞਤਨ (ਜਤਨ) ਕਰਹੁ ਤੁਮ ਅਨਿਕ ਬਿਧਿ ਰਹਨੁ ਨ ਪਾਵਹੁ ਮੀਤ ॥
ਜੀਵਤ ਰਹਹੁ ਹਰਿ ਹਰਿ ਭਜਹੁ ਨਾਨਕ ਨਾਮ ਪਰੀਤਿ॥
ਗੁਰਬਾਣੀ ਅਨੁਸਾਰ ਇਸ ਸਹਿਜ ਅਨੰਦ ਦੀ ਅਵਸਥਾ ਜਾਂ ਸਹਿਜ ਯੋਗ ਦੀ ਅਵਸਥਾ ਤਕ ਪਹੁੰਚਣ ਲਈ ਮਨੁੱਖ ਨੂੰ ਘਰ ਬਾਹਰ ਤਿਆਗਣ ਦੀ ਲੋੜ ਨਹੀਂ, ਆਪਣੇ ਸਰੀਰ ਨੂੰ ਕਸ਼ਟਾਂ ਵਿੱਚ ਪਾਉਣ ਤੇ ਸਾਧਣ ਦੀ ਵੀ ਜ਼ਰੂਰਤ ਨਹੀਂ ਬਸ ਗੁਰਬਾਣੀ ਵਿੱਚ ਦੱਸੇ ਮਾਰਗ ਤੇ ਚਲਦਿਆਂ ਹੋਇਆਂ ਅਤੇ ਇਲਾਹੀ ਰਜ਼ਾ ਨੂੰ ਖ਼ੁਸ਼ੀ ਖ਼ੁਸ਼ੀ ਮੰਨਦਿਆਂ ਹੋਇਆਂ ਉਹ ਇਹ ਨਿਰਬਾਣ ਪਦ ਪ੍ਰਾਪਤ ਕਰ ਸਕਦਾ ਹੈ। ਉਸਦੇ ਹੱਥ ਸੁੱਚੀ ਕਾਰ ਵਲ ਅਤੇ ਚਿਤ ਸੱਚੇ ਦਾਤਾਰ ਵਲ ਹੋਣਾ ਚਾਹੀਦਾ ਹੈ, ਇਵੇਂ ਮੰਜ਼ਲ ਖੁਦ ਬਖੁਦ ਉਸਦੇ ਸਾਹਮਣੇ ਆ ਜਾਵੇਗੀ।
ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ॥ {ਅੰਗ ੭੭੩}
ਸਰੂਪ ਸਿੰਘ ਅਲੱਗ
