ਜੇਕਰ ਮਨ ਦੀ ਧਰਤੀ ਵਿਚ ਅਧਿਆਤਮਕਤਾ ਦੀ ਖਾਦ ਨਹੀਂ ਪੈਂਦੀ ਤਾਂ ਇਹ ਛੇਤੀ ਹੀ ਅਣਉਪਜਾਊ ਹੋ ਨਿਬੜਦੀ ਹੈ।
ਮਨੁੱਖ ਮਾਤਰ ਵਿਚ ਰੋਗੀ ਵਧੇਰੇ ਹਨ, ਕੋਈ ਵਿਰਲਾ ਧਰਮਵੀਰ ਰੋਗ ਰਹਿਤ ਹੁੰਦਾ ਹੈ। ਜਦ ਬਹੁਤੇ ਰੋਗਾਂ ਦਾ ਸੋਮਾ ਮਨ ਹੈ ਤਾਂ ਮਨ ਨੂੰ ਠੀਕ ਰੱਖਣ ਵੱਲ ਪਹਿਲਾਂ ਧਿਆਨ ਦੇਣਾ ਬਣਦਾ ਹੈ। ਗਿਲਾਨੀ ਅਥਵਾ ਘਿਰਣਾ ਦਾ ਇਲਾਜ ਸਰਬੱਤ ਦਾ ਭਲਾ ਚਾਹ ਕੇ, ਸਭਸ ਦੀ ਸੇਵਾ ਚਿਤਵ ਕੇ, ਮਿੱਤਰਤਾ, ਹਮਦਰਦੀ ਤੇ ਕਰੁਣਾ ਦਾ ਸੁਭਾਓ ਅੰਦਰ ਢਾਲ ਕੇ ਕੀਤਾ ਜਾ ਸਕਦਾ ਹੈ। ਲੋਭ ਪਿਆਰ ਦਾ ਦੁਸ਼ਮਣ ਹੁੰਦਾ ਹੈ। ਇਸ ਦਾ ਦਾਰੂ ਨਿਸ਼ਕਾਮ ਸੇਵਾ, ਉਦਾਰਤਾ ਤੇ ਸੁਭਾ ਦੇ ਪਰਿਵਰਤਨ ਰਾਹੀਂ ਹੋ ਸਕਦਾ ਹੈ। ਅਭਿਮਾਨ ਤੋਂ ਮੁਕਤੀ ਨਿਮਰਤਾ ਰਾਹੀਂ ਪੈਦਾ ਹੋ ਸਕਦੀ ਹੈ। ਇਹ ਸਭ ਚੰਗੀ ਮਾਨਸਿਕ ਸਿਹਤ ਦੇ ਰਸਤੇ ਹਨ।
ਜੇਕਰ ਭੈੜੇ ਵਿਚਾਰ ਮੁਕਾ ਦੇਈਏ, ਤਾਂ ਕਈ ਰੋਗ ਆਪੇ ਬਿਨਸ ਜਾਂਦੇ ਹਨ । ਸਾਡੇ ਅੰਦਰ ਬੈਠਾ ਆਤਮਾ ਜੋ ਪਰਮਾਤਮਾ ਦੀ ਅੰਸ਼ ਹੈ, ਸੁਅਸਥ ਸਜੀਵਤਾ ਨੂੰ ਬਲਵਾਨਤਾ ਤੇ ਜ਼ਿੰਦਗੀ ਦੇਂਦਾ ਹੈ। ਉਸ ਉਪਰ ਨਾ ਕੋਈ ਕੀਟਾਣੂ ਅਸਰ ਕਰ ਸਕਦਾ ਹੈ, ਨਾ ਕੋਈ ਬਿਜਲਾਣੂ । ਉਸ ਦਾ ਧਿਆਨ ਕੀਤਿਆਂ ਰੋਗ ਮਿਟ ਜਾਂਦੇ ਹਨ, ਜੀਵਨ ਸੁਖਾਲਾ ਹੋ ਜਾਂਦਾ ਹੈ, ਨਦਰ ਲੰਮੀ ਤੇ ਜ਼ਿੰਦਗੀ ਲਾਹੇਵੰਦ ਹੋ ਜਾਂਦੀ ਹੈ।
ਭੈੜੇ ਵਿਚਾਰਾਂ ਦੇ ਮਿਟਾਣ ਲਈ ਗੁਰੂ ਦੇ ਦਿੱਤੇ ਆਦੇਸ਼ਾਂ ‘ਤੇ ਚੱਲਣਾ ਜ਼ਰੂਰੀ ਹੁੰਦਾ ਹੈ। ਐਸਾ ਕਰਨਾ ਪਾਪ ਕਰਮਾਂ ਤੋਂ ਹਟਾ ਕੇ, ਭੈੜੇ ਵਿਚਾਰਾਂ ਤੋਂ ਮਨ ਨੂੰ ਹਟਕ ਕੇ, ਰੂਹਾਨੀ ਪਾਸੇ ਲਗਾਉਣ ਵਿਚ ਅਦੁੱਤੀ ਸਹਾਇਤਾ ਕਰਦਾ ਹੈ। ਸਤਿਗੁਰੂ ਆਪ ਰੋਗ ਰਹਿਤ ਹੁੰਦਾ ਹੈ ਤੇ ਸ਼ਰਨ ਆਇਆਂ ਦੇ ‘ਸਰਬ ਰੋਗ’ ਦੂਰ ਕਰਨ ਦੇ ਸਮਰੱਥ ਹੁੰਦਾ ਹੈ । ਉਸ ਅੱਗੇ ਆਤਮ ਸਮਰਪਨ ਕਰਨਾ ਕੇਵਲ ਰੋਗਾਂ ਤੋਂ ਹੀ ਨਹੀਂ, ਆਵਾਗਵਨ ਤੋਂ ਮੁਕਤੀ ਦਾ ਵੀ ਪਰਮ ਸਾਧਨ ਬਣਦਾ ਹੈ।
ਡਾ. ਜਸਵੰਤ ਸਿੰਘ ਨੇਕੀ
