ਚੰਗਾ ਨਹੀਂ ਹਰ ਜੀਵਨ ਥੁੜ-ਜੀਵਾ ਹੈ ? ਤਦੇ ਤਾਂ ਸਹਾਰਿਆ ਜਾ ਸਕਦਾ ਹੈ।
ਜੀਵਨ ਇਕ ਬ੍ਰਹਿਮੰਡੀ ਖੇਡ ਹੈ। ਆਮ ਤੌਰ ‘ਤੇ ਅਸੀਂ ਇਹ ਮੰਨਦੇ ਹਾਂ ਕਿ ਕੁਝ ਵਸਤਾਂ ਜੜ੍ਹ ਹਨ ਤੇ ਕੁਝ ਚੇਤਨ। ਚੇਤਨ ਵਸਤਾਂ ਨੂੰ ਅਸੀਂ ਜੀਵਿਤ ਮੰਨਦੇ ਆਏ ਹਾਂ। ਇਹ ਵੀ ਮੰਨਦੇ ਆਏ ਹਾਂ ਕਿ ਬ੍ਰਹਿਮੰਡ ਅੰਦਰ ਜੀਵਨ ਸ਼ਾਇਦ ਸਾਡੀ ਧਰਤੀ ਉਪਰ ਹੀ ਉਪਲਬਧ ਹੈ, ਪਰ ਧਰਤੀ ਆਪ ਚੇਤਨ ਨਹੀਂ, ਜੜ੍ਹ ਹੈ।
ਇਕ ਪਲ ਲਈ ਅਨੁਮਾਨੋਂ ਕਿ ਸਾਡੀ ਧਰਤੀ ਸਾਥੋਂ ਹਜ਼ਾਰਾਂ ਕੋਹ ਥੱਲੇ ਹੈ ਤੇ ਅਸੀਂ ਇਸ ਨੂੰ ਉਪਰੋਂ ਅਨੰਤ ਸੁੰਨ ਵਿਚ ਤੈਰਦੀ ਵੇਖ ਰਹੇ ਹਾਂ । ਸੱਚ ਜਾਣੋ, ਇਹ ਭੌਤਿਕ ਗ੍ਰਹਿ ਤੁਹਾਨੂੰ ਸਾਹ ਲੈਂਦਾ ਭਾਸੇਗਾ-ਜਿਵੇਂ ਸੁੱਤਿਆਂ ਸੁੱਤਿਆਂ ਮੱਧਮ ਮੱਧਮ ਸਾਹ ਲੈ ਰਿਹਾ ਹੋਵੇ। ਸੂਰਜ ਦੀ ਰੌਸ਼ਨੀ ਸਾਹਵੇਂ ਅੱਖਾਂ ਝਮਕਾਂਦੀ ਵੀ ਨਜ਼ਰ ਆਵੇਗੀ। ਇਸ ਦੇ ਮੇਘ ਜਿਉਂਦੇ ਮਾਸਪੇਸ਼ਿਆਂ ਵਾਕਰ ਵਰਜ਼ਿਸ਼ ਕਰਦੇ ਪ੍ਰਤੀਤ ਹੋਣਗੇ। ਇਸ ਦੀਆਂ ਨਦੀਆਂ ਤੰਦਾਂ ਵਾਕਰ ਆਪਣੀਆਂ ਮੇਢੀਆਂ ਤੇ ਗੁੱਤਾਂ ਗੁੰਦਦੀਆਂ ਲੱਗਣਗੀਆਂ ਤੇ ਪਰਬਤਾਂ ਦੇ ਸਿਲਸਿਲਿਆਂ ਨੂੰ ਆਪਣੀਆਂ ਤੰਦਾਂ ਦੇ ਜਾਲ ਵਿਚ ਲਪੇਟਦੀਆਂ ਦਿੱਸਣਗੀਆਂ। ਇਸ ਦੇ ਸਾਗਰ ਵੀ ਜਿਉਂਦੇ ਦਿੱਸਣਗੇ ਤੇ ਇਸ ਦੇ ਸਹਿਰਾ ਵੀ ਤੇ ਜੰਮੇ ਹੋਏ ਭਾਰੇ ਬਰਫ਼ ਤੋਦੇ ਵੀ। ਧਰਤੀ ਸੱਚਮੁੱਚ ਜੀਵਿਤ ਲੱਗੇਗੀ। ਇਸ ਚੇਤੰਨ ਗ੍ਰਹਿ ‘ਤੇ ਖਲੋਤਾ ਅੱਜ ਦਾ ਮਨੁੱਖ ਆਕਾਸ਼ ਅੰਦਰ ਆਪਣੇ ਤਾਰੇ ਲਟਕਾਉਂਦਾ ਵੀ ਨਜ਼ਰ ਆਵੇਗਾ। ਆਤਮਾ ਤੇ ਮਨ ਦੀ ਵੱਡੀ ਫੁਲਵਾੜੀ ਖਿੜੀ ਦਿੱਸੇਗੀ।
ਸੱਚ ਜਾਣੋ, ਸਾਰੇ ਦ੍ਰਿਸ਼ ਦਾ ਸਮੱਗਰ ਸਮਝਣਾ ਸਾਡੀ ਵਿਤੋਂ ਬਾਹਰ ਦੀ ਬਾਤ ਹੈ, ਪਰ ਇਹ ਸਪੱਸ਼ਟ ਹੁੰਦਾ ਜਾਵੇਗਾ ਕਿ ਜ਼ਿੰਦਗੀ ਸਖ਼ਤ ਜਾਨ ਵੀ ਬੜੀ ਹੈ ਤੇ ਪਸਰੀ ਹੋਈ ਵੀ ਬੇਹੱਦ । ਇਸ ਦਾ ਵਾਸਾ ਹਰਥੇ ਹੈ, ਇਕ ਕਿਸੇ ਜ਼ੱਰੇ ਵਿਚ ਵੀ, ਹਰ ਕਿਸੇ ਸੂਰਜ ਵਿਚ ਵੀ ਇਹ ਵਸਤ ਨਹੀਂ, ਘਟਨਾ ਹੈ—ਜੋ ਪਈ ਨਹੀਂ ਹੋਈ, ਲਗਾਤਾਰ ਵਾਪਰ ਰਹੀ ਹੈ। ਇਸ ਵਿਚ ਹਰਥੇ ਦੰਦ ਵਾਪਰ ਰਹੇ ਹਨ। ਜਿਵੇਂ ਸੱਜੇ-ਖੱਬੇ, ਉਪਰ- ਥੱਲੇ, ਚਾਨਣ-ਹਨੇਰਾ, ਚੰਗਾ-ਭੈੜਾ, ਨਰ-ਨਾਰੀ, ਸ਼ਿਕਾਰ-ਸ਼ਿਕਾਰੀ, ਪਦਾਰਥ-ਊਰਜਾ ਇਤਿਆਦਿ। ਇਹ ਲਗਾਤਾਰ ਆਪਣੇ ਤੋਂ ਕਿਸੇ ਵੱਡੀ ਚੇਤਨਾ ਵਿਚ ਜਜ਼ਬ ਹੋਈ ਜਾਂਦੀ ਵੀ ਪ੍ਰਤੀਤ ਹੋਵੇਗੀ। ਇਸ ਵਿੱਚੋਂ ਲਘੂ ਦੁਨੀਆਵਾਂ ਨਿਖੜਦੀਆਂ ਵੀ ਦਿੱਸਣਗੀਆਂ।
ਪਰ ਸਭ ਤੋਂ ਵੱਧ ਹੈਰਤ-ਜਨਕ ਮਰਮ ਇਸ ਵਿਚ ਦੈਵੀ ਰਹੱਸ ਦਾ ਜਾਪੇਗਾ, ਜੋ ਇਸ ਨੂੰ ਬਿਨਾਂ ਥੰਮ੍ਹਾਂ ਦੇ ਹੀ ਥੰਮ੍ਹੀ ਖਲੋਤਾ ਹੈ-ਇਸ ਨੂੰ ਵੀ ਤੇ ਇਸ ਦੇ ਆਕਾਸ਼ਾਂ ਨੂੰ ਵੀ :
ਵਿਣੁ ਥੰਮ੍ਹਾ ਗਗਨੁ ਰਹਾਇ ਸਬਦੁ ਨੀਸਾਣਿਆ ॥
(ਵਾਰ ਮਲਾਰ ਮ: ੧, ਅੰਗ 1279)
ਹੁਣ ਜ਼ਰਾ ਮੁੜ ਧਰਤੀ ਉਪਰ ਉਤਰ ਆਈਏ। ਅਸੀਂ ਤੇ ਸਾਡੇ ਵਾਂਗ ਧਰਤੀ ਦੀ ਹਰ ਵਸਤ ਜੀਵਿਤ ਹੈ, ਪਰ ਮੌਤ ਉਸ ਦੇ ਧੁਰ ਅੰਦਰ ਉਕਰੀ ਪਈ ਹੈ :
ਮਰਣੁ ਲਿਖਾਇ ਮੰਡਲ ਮਹਿ ਆਏ॥
(ਧਨਾਸਰੀ ਮ: ੧, ਅੰਗ 685)
ਇਹ ਸਪੱਸ਼ਟ ਜਾਪੇਗਾ ਕਿ ਹਰ ਵਸਤ ਵਾਰੀ ਵਾਰੀ ਆਪਣਾ ਆਸਣ ਕਿਸੇ ਹੋਰ ਲਈ ਖ਼ਾਲੀ ਕਰੀ ਜਾਂਦੀ ਹੈ- “ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥”
ਕਿਸੇ ਦੀ ਥਾਂ ਕਿਸੇ ਹੋਰ ਦੇ ਆ ਜਾਣ ਨਾਲ ਹੀ ਜੀਵਨ ਪ੍ਰਵਾਹ ਦੀ ਲਗਾਤਾਰਤਾ ਬਣੀ ਰਹਿੰਦੀ ਹੈ।
ਡਾ. ਜਸਵੰਤ ਸਿੰਘ ਨੇਕੀ
