੪ ਜੂਨ ੧੯੮੪
ਪਿਛਲੀ ਰਾਤ ਮੈਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਆਪਣਾ ਘਰ ਛੱਡ ਕੇ ਖਾਲੀ ਹੱਥ ਤੋਮਰ ਪਾਸ ਆ ਗਿਆ ਸੀ । ਤੋਮਰ ਨੂੰ ਪੱਤਰਕਾਰ ਵਜੋਂ ਜੋ ਕੈਨਾਲ ਕਾਲੋਨੀ ਵਿਖੇ ਸਰਕਾਰੀ ਕੋਠੀ ਅਲਾਟ ਹੋਈ ਸੀ ਉਹ ਸਦਰ ਥਾਣੇ ਤੋਂ ਸੇਂਟ ਫਰਾਂਸਿਸ ਸਕੂਲ ਲਾਗੇ, ਸਾਹਮਣੀ ਸੜਕ ਉਤੇ ਜੋ ਮਿਲਟਰੀ ਕੈਂਪ ਨੂੰ ਆਉਂਦੀ ਹੈ, ਕੈਂਟ ਦੇ ਬਿਲਕੁਲ ਲਾਗੇ ਹੈ ।
ਸਵੇਰੇ ਸਵੇਰੇ ਉਠੇ ਤਾਂ ਦੂਰੋਂ ਗੋਲੀਆਂ ਚਲਣ ਦੀ ਆਵਾਜ਼ ਆਈ । ਸਾਫ਼ ਜਾਪਦਾ ਹੈ ਕਿ ਕੰਪਲੈਕਸ, ਜੋ ਇਥੋਂ ੨-੩ ਕਿਲੋਮੀਟਰ ਦੂਰ ਹੈ, ਵੱਲੋਂ ਇਹ ਆਵਾਜ਼ ਆ ਰਹੀ ਹੈ। ਕਈ ਘੰਟੇ ਇਹ ਆਵਾਜ਼ ਆਉਂਦੀ ਰਹੀ। ਫਿਰ ਦਿਨ ਦੇ ਰੌਲੇ ਵਿਚ ਗੁਆਚ ਗਈ । ਟੈਲੀਫੂਨ ਰਾਤ ਦੇ ਕੱਟੇ ਜਾ ਚੁੱਕੇ ਹਨ । ਕਰਫ਼ਿਊ ਲੱਗਾ ਹੋਇਆ ਹੈ । ਅਖ਼ਬਾਰ ਬੰਦ ਹਨ । ਇਸ ਲਈ ਕਿਸੇ ਨੂੰ ਕੁਝ ਪਤਾ ਨਹੀਂ ਕਿ ਕੀ ਹੋ ਰਿਹਾ ਹੈ । ਦਿਨੇ ਰੇਡੀਓ ਨੇ ਖ਼ਬਰ ਦਿੱਤੀ, “ਦਰਬਾਰ ਸਾਹਿਬ ਦੇ ਅੰਦਰੋਂ ਅਤਿਵਾਦੀਆਂ ਨੇ ਸਕਿਉਰਟੀ ਫ਼ੋਰਸਾਂ ‘ਤੇ ਗੋਲੀ ਚਲਾਈ, ਜਿਸ ਦੇ ਜਵਾਬ ਵਿਚ ਉਹਨਾਂ ਨੇ ਆਤਮ ਰੱਖਿਆ ਲਈ ਗੋਲੀ ਚਲਾਈ ।”
ਜਿਧਰ ਮੈਂ ਰਹਿੰਦਾ ਹਾਂ ਇਧਰ ਸਰਕਾਰੀ ਗੱਜ਼ਟਿਡ ਅਫ਼ਸਰ, ਜੱਜ ਜਾਂ ਪੁਲਿਸ ਦੇ ਅਫ਼ਸਰ ਰਹਿੰਦੇ ਹਨ । ਮੇਰਾ ਸਾਥੀ ਪੱਤਰਕਾਰ ਗਿੱਲ ਵੀ ਲਾਗੇ ਹੀ ਕੈਨਾਲ ਕਲੋਨੀ ਵਿਚ ਰਹਿੰਦਾ ਹੈ । ਇਧਰ ਕਰਫ਼ਿਊ ਦੀ ਇਤਨੀ ਸਖਤਾਈ ਨਹੀਂ ਹੈ। ਮੈਂ ਤੇ ਤੋਮਰ ਸ਼ਾਮ ਵੇਲੇ ਗਿੱਲ ਦੇ ਘਰ ਜਾ ਆਏ ਸੀ ।
ਇਧਰੋਂ ਉਧਰੋਂ ਖ਼ਬਰ ਸੁਣੀ ਹੈ ਕਿ ਫ਼ੌਜ ਨੇ ਲਾਊਡ ਸਪੀਕਰ ਤੇ ਵਾਰ ਵਾਰ ਖਾੜਕੂਆਂ ਨੂੰ ਨੋਟਿਸ ਦਿੱਤਾ ਹੈ ਕਿ ਆਤਮ ਸਮਰਪਣ ਕਰ ਦੇਣ ਪਰ ਉਹਨਾਂ ਨਹੀਂ ਕੀਤਾ ਅਤੇ ਫ਼ੌਜ ਦਾ ਡੱਟ ਕੇ ਮੁਕਾਬਲਾ ਕਰ ਰਹੇ ਹਨ।
ਅਸੀਂ ਪੱਤਰਕਾਰ ਸਾਥੀ ਆਪਣੇ ਆਪਣੇ “ ਸੋਰਸ” ਜਾਂ ਦੋਸਤ ਪੁਲਿਸ ਅਫ਼ਸਰਾਂ ਤੋਂ ਇਕੱਠੀ ਕੀਤੀ ਜਾਣਕਾਰੀ ਸਾਂਝੀ ਕਰਦੇ ਰਹੇ । ਕਿਸੇ ਨੇ ਦੱਸਿਆ ਕਿ ਕਈ ਦੋਧੀ ਦੁੱਧ ਲੈ ਕੇ ਆਏ ਸਨ ਜਿਨ੍ਹਾਂ ਨੂੰ ਕਰਫ਼ਿੳ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਫ਼ੌਜ ਨੇ ਗੋਲੀਆਂ ਨਾਲ ਉੱਡਾ ਦਿੱਤਾ। ਇਸ ਤਰ੍ਹਾਂ ਦਰਜਨਾਂ ਹੀ ਬੰਦੇ ਮਾਰੇ ਗਏ ਹਨ ।
ਰਾਤੀਂ ਗੋਲੀਆਂ ਚੱਲਣ ਦੀ ਆਵਾਜ਼ ਆਉਣ ਲੱਗੀ ਤੇ ਸਾਰੀ ਰਾਤ ਹੀ ਆਉਂਦੀ ਰਹੀ। ਸਾਡੇ ਪਾਸ ਖ਼ਬਰਾਂ ਸੁਣਨ ਦਾ ਵਸੀਲਾ ਕੇਵਲ ਰੇਡੀਓ ਹੀ ਹੈ।
ਬੀ. ਬੀ. ਸੀ. ਅਤੇ ਪਾਕਿਸਤਾਨ ਰੇਡੀਓ ਸੁਣ ਸੁਣ ਕੇ ਹਾਲਾਤ ਬਾਰੇ ਜਾਇਜ਼ਾ ਲਗਾਉਂਦੇ ਰਹੇ ਹਾਂ। ਸਾਡਾ ਰੇਡੀਓ ਤਾਂ ਇਕ ਪਾਸੜ ਖ਼ਬਰਾਂ ਹੀ ਦਸ ਰਿਹਾ ਹੈ।
ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਲਈ ਲਗਪਗ ਇਕ ਹਜ਼ਾਰ ਸਿੰਘਾਂ ਦਾ ਜਥਾ ਪਾਕਿਸਤਾਨ ਗਿਆ ਹੋਇਆ ਸੀ । ਉਸ ਨੇ ਅੱਜ ਮੁੜਨਾ ਸੀ । ਇਸੇ ਜਥੇ ਬਾਰੇ ਕੋਈ ਵੀ ਖ਼ਬਰ ਰੇਡੀਓ ਨੇ ਨਹੀਂ ਦਿੱਤੀ ।
ਪਤਾ ਲੱਗਾ ਹੈ ਕਿ ਫ਼ੌਜ ਨੇ ਪਿਛਲੀ ਰਾਤ ਹੀ ਕੰਪਲੈਕਸ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਸੀ ਅਤੇ ਅੱਜ ਤੜਕੇ ੪-੫੦ ਵਜੇ ਅਚਾਨਕ ਫ਼ਾਇਰਿੰਗ ਸ਼ੁਰੂ ਕਰ ਦਿੱਤੀ ਗਈ ਸੀ ।
(‘ਡਾਇਰੀ ਦੇ ਪੰਨੇ’ ਵਿਚੋਂ)
ਹਰਬੀਰ ਸਿੰਘ ਭੰਵਰ
