(੮ ਜੂਨ, ੧੯੮੪)
ਸਵੇਰੇ ਪੰਜ ਕੁ ਵਜੇ ਉਠਿਆ। ਪਿਛਲੇ ਹਫ਼ਤੇ ਤੋਂ ਰੋਜ਼ ਵਾਂਗ ਖ਼ਬਰਾਂ ਸੁਣਨ ਦੀ ਉਤਸੁਕਤਾ ਨਾਲ ਰੇਡੀਓ ਲਾਇਆ। ਜਲੰਧਰ ਤੋਂ ਸ਼ਬਦ ਕੀਰਤਨ ਦਾ ਪ੍ਰੋਗਰਾਮ ਆ ਰਿਹਾ ਸੀ। ਇਹ ਕੀ ? ਮੈਂ ਸੋਚਿਆ ਕਿ ਕਿਤੇ ਸ੍ਰੀ ਦਰਬਾਰ ਸਾਹਿਬ ਤੋਂ ਤਾਂ ਕੀਰਤਨ ਰੀਲੇਅ ਨਹੀਂ ਕੀਤਾ ਜਾ ਰਿਹਾ ।
ਮੇਰੀ ਸੋਚ ਠੀਕ ਸਾਬਤ ਹੋਈ । ੫-੪੫ ਵਜੇ ਦੇ ਕਰੀਬ ਅਰਦਾਸ ਸ਼ੁਰੂ ਹੋਈ ਪਰ ਅਰਦਾਸੀਆ ਸ੍ਰੀ ਦਰਬਾਰ ਸਾਹਿਬ ਦਾ ਨਹੀਂ ਲਗਦਾ ਸੀ। ਮੈਂ ਪਿਛਲੇ ੫ ਸਾਲ ਤੋਂ ਕੰਪਲੈਕਸ ਵਿਚ ਰਹਿ ਰਿਹਾ ਹਾਂ । ਸ੍ਰੀ ਦਰਬਾਰ ਸਾਹਿਬ ਦੇ ਸਾਰੇ ਸਿੰਘ ਸਾਹਿਬਾਨ, ਰਾਗੀ ਸਿੰਘਾਂ ਅਤੇ ਅਰਦਾਸੀਏ ਸਿੰਘਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਉਹਨਾਂ ਦੀ ਆਵਾਜ਼ ਪਹਿਚਾਣਦਾ ਹਾਂ। ਅੱਜ ਆਵਾਜ਼ ਵਿਚ ਪਹਿਲਾਂ ਵਰਗੀ ਮਿਠਾਸ ਨਹੀਂ ਸੀ । ਸ਼ਬਦ ਕੀਰਤਨ ਵੀ ਹਜ਼ੂਰੀ ਰਾਗੀਆਂ ਦਾ ਨਹੀਂ ਲੱਗਦਾ ਸੀ।
ਸ਼ਾਇਦ ਮਿਲਟਰੀ ਦੇ ਰਾਗੀਆਂ ਨੇ ਸ਼ਬਦ ਕੀਰਤਨ ਕੀਤਾ ਹੋਵੇ ਅਤੇ ਮਿਲਟਰੀ ਦਾ ਗ੍ਰੰਥੀ ਅਰਦਾਸ ਕਰ ਰਿਹਾ ਹੋਵੇ । ਅਰਦਾਸੀਆ ਅਰਦਾਸ ਕਰਦਾ ਜਦੋਂ ‘ਬੋਲੋ ਜੀ ਵਾਹਿਗੁਰੂ’ ਕਹਿੰਦਾ ਤਾਂ ਹੁੰਗਾਰੇ ਵਿਚ ਕੋਈ ਵੀ ‘ਵਾਹਿਗੁਰੂ’ ਨਾ ਕਹਿੰਦਾ । ਇਸ ਤੋਂ ਸਪੱਸ਼ਟ ਸੀ ਕਿ ਉਥੇ ਸੰਗਤਾਂ ਨਹੀਂ ਸਨ।
ਅਰਦਾਸ ਖ਼ਤਮ ਹੋਣ ਵੇਲੇ ਕਿਹਾ ਗਿਆ ਕਿ ਜੋ ਕੁਝ ਵੀ ਵਾਪਰਿਆ ਹੈ। ਪਰਮਾਤਮਾਂ ਦੀ ਮਰਜ਼ੀ ਅਨੁਸਾਰ ਹੀ ਹੋਇਆ ਹੈ। ਸਾਡੀਆਂ ਸਭ ਦੀਆਂ ਭੁੱਲਾਂ ਖਿਮਾਂ ਕਰਨਾ, ‘ਜੋ ਕਿਛੁ ਹੋਇਆ ਤੇਰਾ ਭਾਣਾ-ਜੇ ਤੂੰ ਕਰੇਂ ਪਰਵਾਨ ।’
ਪਿੱਛੋਂ ਅਨਾਊਂਸਰ ਨੇ ਦੱਸਿਆ ਕਿ ਅੱਜ ਤੋਂ ਆਕਾਸ਼ਬਾਣੀ ਜਲੰਧਰ ਸ੍ਰੀ ਦਰਬਾਰ ਸਾਹਿਬ ਅੰਤਿਸਰ ਤੋਂ ਹਰ ਰੋਜ਼ ਸਵੇਰੇ ੪-੩੦ ਤੋਂ ੬-੦੦ ਵਜੇ ਤਕ ਅਤੇ ਸ਼ਾਮੀ ੫-੦੦ ਤੋਂ ੫-੩੦ ਤਕ ਸ਼ਬਦ ਕੀਰਤਨ ਦਾ ਸਿੱਧਾ ਪ੍ਰੋਗਰਾਮ ਰੀਲੇਅ ਕਰਿਆ ਕਰੇਗਾ ।
ਇਸ ਘੱਲੂਘਾਰੇ ਪਿੱਛੋਂ ਸ਼ਾਇਦ ਇਹ ਪ੍ਰੋਗਰਾਮ ਸਿੱਖਾਂ ਦੇ ਜਜ਼ਬਾਤ ਸ਼ਾਂਤ ਕਰਨ ਲਈ, ਉਨ੍ਹਾਂ ਨੂੰ ਆਪਣੇ ਵੱਲ ਕਰਨ ਲਈ ਕੀਤਾ ਗਿਆ ਪਰ ਸ਼ਾਇਦ ਇਸ ਸਮੇਂ ਸਰਕਾਰ ਦਾ ਇਹ ਕਦਮ ਵੀ ਸਿੱਖਾਂ ਦੇ ਜ਼ਖ਼ਮੀ ਜਜ਼ਬਾਤਾਂ ਨੂੰ ਸ਼ਾਂਤ ਨਹੀਂ ਕਰ ਸਕੇਗਾ-ਉਨ੍ਹਾਂ ਨੂੰ ਖੁਸ਼ ਨਾ ਕਰ ਸਕੇਗਾ। ਸਿੱਖਾਂ ਦੇ ਦਿਲ ਛਲਣੀ ਹੋਏ ਪਏ ਹਨ।
ਸ੍ਰੀ ਦਰਬਾਰ ਸਾਹਿਬ ਤੋਂ ਸ਼ਬਦ ਕੀਰਤਨ ਰੀਲੇਅ ਕਰਨਾ ਵੀ ਅਕਾਲੀ ਦਲ ਦੀ ਇਕ ਮੰਗ ਸੀ । ਸ੍ਰੀਮਤੀ ਗਾਂਧੀ ਨੇ ਪਿਛਲੇ ਵਰ੍ਹੇ ਫਰਵਰੀ ਵਿਚ ਇਸ ਨੂੰ ਪ੍ਰਵਾਨ ਕਰਨ ਸਬੰਧੀ ਦਿੱਲੀ ਐਲਾਨ ਵੀ ਕੀਤਾ ਸੀ, ਪਰ ਅਮਲੀ ਜਾਮਾ ਹਾਲੇ ਤੱਕ ਨਹੀਂ ਪਹਿਨਾਇਆ ਸੀ। “ਬੱਕਰੀ ਦੁਧ ਦੇਂਦੀ ਹੈ ਪਰ ਮੇਂਗਣਾ ਪਾਕੇ ।” ਜੇ ਸ਼ਬਦ ਕੀਰਤਨ ਰੀਲੇਅ ਕਰਨ ਦੀ ਮੰਗ ਪ੍ਰਵਾਨ ਕਰ ਕੇ ਉਸ ਸਮੇਂ ਅਮਲੀ ਰੂਪ ਦਿੱਤਾ ਹੁੰਦਾ, ਤਾਂ ਉਸ ਸਮੇਂ ਸਿੱਖਾਂ ਤੇ ਜ਼ਰੂਰ ਕੁਝ ਅਸਰ ਹੋਣਾ ਸੀ ਪਰ ਮੈਂ ਨਹੀਂ ਸਮਝਦਾ ਕਿ ਸਿੱਖ ਇਸ ਕਦਮ ਨਹੀਂ ਭੁਲਾ ਸਕਣਗੇ । ਅਹਿਮਦ ਸ਼ਾਹ ਅਬਦਾਲੀ ਨੇ ੧੭੬੨ ਈਸਵੀ ਵਿਚ ਹਮਲਾ ਕੀਤਾ ਸੀ । ਸਿੱਖ ਹਾਲੇ ਤਕ ਨਹੀਂ ਭੁਲੇ । ਸ੍ਰੀਮਤੀ ਗਾਂਧੀ ਨੂੰ ਕਿਸ ਨੇ ਸਲਾਹ ਦੇ ਦਿੱਤੀ ? ਉਹ ਲੋਕਾਂ ਦੀ ਨਬਜ਼ ਪਛਾਣਦੇ ਹਨ-ਧਾਰਮਿਕ ਜਜ਼ਬਾਤਾਂ ਨੂੰ ਸਮਝਦੇ ਹਨ-ਫਿਰ ਕਿਵੇਂ ਇਹ “ਗਲਤੀ” ਹੋ ਗਈ ? ਸ਼ਾਇਦ ਪਾਰਟੀ ਹਿੱਤਾਂ ਨੂੰ ਮੁੱਖ ਰੱਖ ਕੇ ਰਾਜਸੀ ਲਾਭ ਉਠਾਉਣ ਲਈ ਅਜੇਹਾ ਕੀਤਾ ਹੈ। (ਪੱਤਰਕਾਰ ਇੰਦਰਜੀਤ ਨੇ ਆਪਣੀ ਇਕ ਪੁਸਤਕ ਵਿਚ ਪਿੱਛੋਂ ਲਿਖਿਆ ਕਿ ਸ੍ਰੀਮਤੀ ਗਾਂਧੀ ਨੇ ੧੫ ਜਨਵਰੀ ੧੯੮੪ ਨੂੰ ਸੈਨਾ ਦਿਵਸ ਵੇਲੇ ਹੀ ਜਨਰਲ ਵੈਦਯ ਨੂੰ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕਰਨ ਦੀ ਤਿਆਰੀ ਕਰਨ ਦੇ ਬਾਰੇ ਕਹਿ ਦਿੱਤਾ ਸੀ) ।
ਸ਼ਾਮੀ ਮੈਂ ੫-੦੦ ਤੋਂ ੫-੩੦ ਫਿਰ ਰੇਡੀਓ ਤੋਂ ਸ਼ਬਦ ਕੀਰਤਨ ਦਾ ਰੀਲੇਅ ਹੋ ਰਿਹਾ ਪ੍ਰੋਗਰਾਮ ਸਰਵਣ ਕੀਤਾ। ਅੱਧੇ ਘੰਟੇ ਦੌਰਾਨ ੨੧ ਵਾਰੀ ਗੋਲੀ ਚਲਣ ਦੀ ਆਵਾਜ਼ ਆਈ। ਸਰਕਾਰ ਤਾਂ ਰੇਡੀਓ ਤੇ ਵਾਰ ਵਾਰ ਕਹਿ ਰਹੀ ਸੀ। “ਸਥਿਤੀ ਪੂਰੀ ਤਰ੍ਹਾਂ ਨਿਯੰਤਰਨ ਮੇਂ ਹੈ।” ਗੋਲੀਆਂ ਦੀ ਇਹ ਆਵਾਜ਼ ਸਰਕਾਰ ਦੇ ਇਸ ਖੋਖਲੇ ਦਾਅਵੇ ਦਾ ਸਾਫ਼ ਮੁੰਹ ਚਿੜਾ ਰਹੀ ਸੀ ।
ਜਿਸ ਘਰ ‘ਚ ਮੈਂ ਠਹਿਰਿਆ ਹੋਇਆ ਸਾਂ ਉਸ ਦੀ ਸੜਕ ਤੋਂ ਸਵੇਰੇ ਮਿਲਟਰੀ ਕੈਂਪ ਤੋਂ ਦੋ ਟੈਂਕ ਕਿਸੇ ਪਾਸੇ ਜਾਂਦੇ ਵੇਖੇ । ਸ਼ਾਇਦ ਕਿਸੇ ਪਾਸੇ ਪਿੰਡਾਂ ਤੋਂ ਸੰਗਤਾਂ ਆਈਆਂ ਹੋਣਗੀਆਂ। ਇਹ ਟੈਂਕ ਉਨ੍ਹਾਂ ਦੇ ‘ਸਵਾਗਤ’ ਕਰਨ ਲਈ ਗਏ ਹੋਣਗੇ, ਜਿਵੇਂ ਕਲ੍ਹ ਪਰਸੋਂ ਰਾਜਾਸਾਂਸੀ ਤੇ ਹੋਰ ਕਈ ਥਾਵਾਂ ਤੇ ਕੀਤਾ ਹੈ। ਮਨ ਹੀ ਮਨ ‘ਚ ਅਰਦਾਸ ਕਰਦਾ ਹਾਂ, ‘ਪ੍ਰਮਾਤਮਾ ਮਿਹਰ ਕਰੀਂ । ਹੋਰ ਮਾਸੂਮ ਜਿੰਦਾਂ ਦਾ ਖੂਨ ਨਾ ਵਹਾਈਂ । ਫ਼ੌਜ ਨੂੰ ਸੁਮੱਤ ਬਖ਼ਸ਼ । ਹੈਲੀਕਾਪਟਰ ਰੋਜ਼ ਵਾਂਗ ਸ਼ਹਿਰ ਦੇ ਉਤੇ ਅਤੇ ਆਸੇ ਪਾਸੇ ਚੱਕਰ ਲੱਗਾ ਰਹੇ ਹਨ ।
ਰੇਡੀਓ ਨੇ ਖ਼ਬਰ ਦਿੱਤੀ ਹੈ ਕਿ ਅੱਜ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਦੇ “ਦਰਸ਼ਨ” ਕਰ ਕੇ ਗਏ ਹਨ। ਦਿਨੇ ਸਾਨੂੰ ਪੁਲਿਸ ਅਫ਼ਸਰਾਂ ਤੋਂ ਸੂਹ ਮਿਲੀ ਸੀ ਕਿ ਸ਼ਾਇਦ ਗਿਆਨੀ ਜੀ ਆਉਣਗੇ । ਰਾਸ਼ਟਰਪਤੀ ਬਣਨ ਉਪਰੰਤ ਉਨ੍ਹਾਂ ਦਾ ਆਪਣੇ ਹੀ ਸੂਬੇ ਪੰਜਾਬ ਦਾ ਇਹ ਪਹਿਲਾ ਸਰਕਾਰੀ ਦੌਰਾ ਸੀ।
ਉਹ ਸ਼ਾਇਦ ਆਪਣੇ ਹੀ ਸੂਬੇ ਵਿਚ ਆਉਣ ਦੀ ਜੁਰੱਅਤ ਨਹੀਂ ਕਰ ਸਕੇ ਸਨ। ਦੋ ਵਾਰੀ ਪ੍ਰੋਗਰਾਮ ਬਣਿਆ ਸੀ ਪਰ ਐਨ ਮੌਕੇ ‘ਤੇ ਆ ਕੇ ਮਨਸੂਖ ਹੋ ਜਾਂਦਾ ਰਿਹਾ ਪਰ ਅੱਜ ਇਹ ਆਪਣੇ ਹੀ ਸੂਬੇ, ਆਪਣੇ ਹੀ ਧਰਮ ਦੇ ਮਹਾਨ ਪਾਵਨ ਅਤੇ ਉੱਚ ਅਸਥਾਨ ਦੇ “ਦਰਸ਼ਨ” ਕਰਨ ਮਿਲਟਰੀ ਰਾਜ ਵਿਚ (ਜਿਸ ਦੇ ਉਹ ਸੁਪਰੀਮ ਕਮਾਂਡਰ ਹਨ) ਮਿਲਟਰੀ ਦੇ ਸਾਏ ਹੇਠ ਆਏ ਹਨ। ਕਿੰਨੀ ਤਰਸਯੋਗ ਹਾਲਤ ਹੈ—ਰੱਬ ਮਿਹਰ ਕਰੇ ।
ਅੱਜ ਸ਼ਾਮੀ ਕਿਸੇ ਨੇ ਦੱਸਿਆ ਕਿ ਕੰਪਲੈਕਸ ਵਿੱਚੋਂ ਅਨੇਕਾਂ ਹੀ ਗਰਭਵਤੀ ਨੌਜਵਾਨ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ-ਮੈਂ ਸੋਚਦਾ ਹਾਂ ਕਿ ਸੰਤ ਭਿੰਡਰਾਂਵਾਲਿਆਂ ਨੇ ਪਿਛਲੇ ੧੦-੧੨ ਮਹੀਨਿਆਂ ਦੌਰਾਨ ਆਪਣੇ ਅਨੇਕਾਂ ਹੀ ਸੇਵਕਾਂ ਜਾਂ ਜਥੇ ਦੇ ਮੈਂਬਰਾਂ ਦੇ ਵਿਆਹ ਕੰਪਲੈਕਸ ਅੰਦਰ ਹੀ ਕਰਵਾਏ ਸਨ । ਇਹ ਬਹੁਤੇ ਸਿੰਘ ਕੰਪਲੈਕਸ ਅੰਦਰ ਹੀ ਰਹਿੰਦੇ ਸਨ । ਸ਼ਾਇਦ ਇਨ੍ਹਾਂ ਦੀਆਂ ਸਿੰਘਣੀਆਂ ਹੋਣ ਅਤੇ ਉਨ੍ਹਾਂ ਨੇ ਆਪਣੀਆਂ ਪਤਨੀਆਂ ਨੂੰ ਆਪ ਹੀ ਮਾਰ ਦਿੱਤਾ ਹੋਵੇ ਤਾਂ ਜੋ ਫ਼ੌਜ ਦੇ ਹੱਥ ਨਾ ਆਉਣ ਅਤੇ ਇਨ੍ਹਾਂ ਦੀ ਬੇਪਤੀ ਨਾ ਹੋਵੇ, ਜਿਵੇਂ ਪਾਕਿਸਤਾਨ ਬਣਨ ਵੇਲੇ ਕਈਆਂ ਨੇ ਕੀਤਾ ਸੀ ।
ਰਾਤ ਨੂੰ ਬੀ. ਬੀ. ਸੀ ਨੇ ਖ਼ਬਰ ਦਿੱਤੀ ਕਿ ਪ੍ਰਸਿੱਧ ਪੱਤਰਕਾਰ ਅਤੇ ਮੈਂਬਰ ਪਾਰਲੀਮੈਂਟ ਸ. ਖੁਸ਼ਵੰਤ ਸਿੰਘ ਨੇ ਆਪਣਾ “ਪਦਮ ਸ੍ਰੀ” ਦਾ ਖਿਤਾਬ ਸਰਕਾਰ ਨੂੰ ਵਾਪਸ ਕਰ ਦਿੱਤਾ ਹੈ ਅਤੇ ਫ਼ੌਜੀ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ । ਬੀ. ਬੀ. ਸੀ. ਨੇ ਉਨ੍ਹਾਂ ਦੀ ਅੰਗਰੇਜ਼ੀ ਵਿਚ ਇੰਟਰਵਿਊ ਵੀ ਰੀਲੇਅ ਕੀਤੀ ਹੈ । ਸ. ਖੁਸ਼ਵੰਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਸੰਤ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ ਤਾਂ ਹੋਰ ਬੜੇ ਹੀ ਤਰੀਕੇ ਸਨ । ਕੰਪਲੈਕਸ ਨੂੰ ਕਈ ਦਿਨ ਘੇਰਾ ਪਾ ਕੇ ਉਨ੍ਹਾਂ ਨੂੰ ਆਤਮ ਸਮਰਪਣ ਲਈ ਮਜ਼ਬੂਰ ਕੀਤਾ ਜਾ ਸਕਦਾ ਸੀ । ਉਨ੍ਹਾਂ ਕਿਹਾ ਕਿ ਸਾਡੇ ਘਰ ਚੋਰ ਆ ਜਾਏ, ਇਸ ਦਾ ਇਹ ਇਲਾਜ ਨਹੀਂ ਕਿ ਘਰ ਨੂੰ ਅੱਗ ਲੱਗਾ ਕੇ ਤਬਾਹ ਕਰ ਦਿੱਤਾ ਜਾਏ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਐਕਸ਼ਨ ਕਰਕੇ ਸਾਰੀ ਦੁਨੀਆਂ ਦੇ ਸਿੱਖਾਂ ਦੇ ਹਿਰਦੇ ਛਲਣੀ ਛਲਣੀ ਕਰ ਦਿੱਤੇ ਅਤੇ ਐਵੇਂ ਇਕ “ਮੈਡ ਮੌਕ” ਨੂੰ “ਹੀਰੋ” ਬਣਾ ਕੇ ਰੱਖ ਦਿੱਤਾ ਹੈ।
(ਡਾਇਰੀ ਦੇ ਪੰਨੇ ਵਿੱਚੋਂ)
ਹਰਬੀਰ ਸਿੰਘ ਭੰਵਰ
