ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦਗਾਰ ਗੈਲਰੀ ਵਿਚਲੀ ਹੇਠਲੀ( ਇਸ ਲੇਖ ਨਾਲ਼ ਲਗਾਈ ਗਈ) ਤਸਵੀਰ ਤਿਆਗ, ਕੁਰਬਾਨੀ, ਇਤਿਹਾਸ ਅਤੇ ਸੁਰਤ ਦੇ ਇਕ ਡੂੰਘੇ ਸੰਵਾਦ ਦਾ ਮਿਲਾਪ ਹੈ। ਜੂਨ 1984 ਦੇ ਘੱਲੂਘਾਰੇ ਦੀ 42ਵੀਂ ਵਰ੍ਹੇਗੰਢ ਮੌਕੇ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਬਣੀ ਸ਼ਹੀਦੀ ਗੈਲਰੀ ਵਿਚ ਡੇਰਾ ਬਾਬਾ ਨਾਨਕ ਲਾਗੇ ਪਿੰਡ ਸ਼ਾਹਪੁਰ ਜਾਜਨ ਦੀ ਮਾਤਾ ਜਗੀਰ ਕੌਰ ਜਦੋਂ ਆਪਣੇ ਦੋ ਸ਼ਹੀਦ ਪੁੱਤਰਾਂ — ਭਾਈ ਮਨਜੀਤ ਸਿੰਘ ਅਤੇ ਭਾਈ ਹਰਦੀਪ ਸਿੰਘ ਦੀਆਂ ਤਸਵੀਰਾਂ ਨੂੰ ਨਿਹਾਰ ਰਹੀ ਸੀ, ਤਾਂ ਮਾਨੋ ਇਤਿਹਾਸ, ਕੁਰਬਾਨੀ, ਪਰੰਪਰਾ, ਸਿੱਖੀ ਜਜ਼ਬਾ ਅਤੇ ਪੰਥਕ ਫਰਜ਼; ਚਾਰੇ ਆਪਸ ਵਿਚ ਮਿਲ ਕੇ ਜੂਨ 1984 ਦੇ ਘੱਲੂਘਾਰੇ ਦਾ ਬਿਰਤਾਂਤ ਬਿਆਨ ਰਹੇ ਸਨ।
ਇੱਕ ਮਾਂ ਲਈ ਆਪਣੇ ਪੁੱਤਰਾਂ ਦੀਆਂ ਤਸਵੀਰਾਂ ਅੱਗੇ ਖੜ੍ਹਨਾ ਸਿਰਫ਼ ਯਾਦਾਂ ਨੂੰ ਤਾਜ਼ਾ ਕਰਨਾ ਨਹੀਂ ਹੁੰਦਾ, ਸਗੋਂ ਉਹ ਆਪਣੇ ਹਿਰਦੇ ਵਿਚ ਵੱਸੇ ਪੰਥ ਵਾਸਤੇ ਕੁਰਬਾਨੀ, ਸ਼ਹਾਦਤ ਅਤੇ ਵਿਗੋਚੇ ਨੂੰ ਦੁਬਾਰਾ ਜੀਉਂਦੀ ਹੈ, ਜੋ ਧਰਮ ਲਈ ਮਰ-ਮਿਟਣ ਦੇ ਜਜ਼ਬੇ ਵਿਚੋਂ ਸਫੁਟ ਹੁੰਦਾ ਹੈ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਵਲੋਂ ਸ਼ਹੀਦ ਪੁੱਤਰਾਂ ਦੀ ਮਾਤਾ ਦੇ ਤਿਆਗ ਅਤੇ ਜਿਗਰੇ ਦਾ ਸਤਿਕਾਰ ਕਰਦਿਆਂ, ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਘਰ ਆਉਣ ਦਾ ਵਾਅਦਾ ਕੀਤਾ ਗਿਆ। ਸ਼ਹੀਦਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਦੀ ਸੰਭਾਲ ਕਰਨੀ, ਇਕ ਅਹਿਲੇ ਪੰਥਕ ਫਰਜ਼ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹਮੇਸ਼ਾ ਇਸ ਫਰਜ਼ ਦੀ ਪੂਰਤੀ ਦੀ ਉਮੀਦ ਕੀਤੀ ਜਾਂਦੀ ਹੈ।
ਜਿੰਦਾ ਤੇ ਬਹਾਦਰ ਕੌਮਾਂ ਦੀ ਪਛਾਣ ਸਿਰਫ਼ ਉਨ੍ਹਾਂ ਦੀਆਂ ਜਿੱਤਾਂ ਨਾਲ ਨਹੀਂ ਬਣਦੀ, ਸਗੋਂ ਉਨ੍ਹਾਂ ਮਾਵਾਂ ਨਾਲ ਬਣਦੀ ਹੈ, ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਸੱਚ, ਸਿਧਾਂਤ ਅਤੇ ਵਿਸ਼ਵਾਸ ਦੇ ਰਾਹ ਉੱਤੇ ਤੋਰ ਕੇ ਕੁਰਬਾਨ ਕੀਤਾ। ਅਜਿਹੀਆਂ ਮਾਵਾਂ ਇਤਿਹਾਸ ਦੀਆਂ ਜੀਵੰਤ ਪੁਸਤਕਾਂ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਚਿਹਰਿਆਂ ਉੱਤੇ ਦਰਜ ਹੰਝੂ ਕਿਸੇ ਵੀ ਦਸਤਾਵੇਜ਼ ਨਾਲੋਂ ਵੱਧ ਪ੍ਰਮਾਣਿਕ ਗਵਾਹੀ ਹੁੰਦੇ ਹਨ। ਸਿੱਖ ਇਤਿਹਾਸ ਨੂੰ ਇਹ ਮਾਣ ਹਾਸਲ ਹੈ ਕਿ ਉਸ ਕੋਲ ਇਹੋ ਜਿਹੀਆਂ ਬੇਅੰਤ ਮਾਵਾਂ ਹਨ, ਜਿਨ੍ਹਾਂ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸੱਚ-ਧਰਮ ਹੇਤ ਸਰਬੰਸ ਦਾਨ ਕਰਨ ਦੀ ਕੁੱਲ ਦੁਨੀਆ ਤੋਂ ਲਾਸਾਨੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਆਪਣੇ ਲਖਤੇ ਜਿਗਰ ਅਤੇ ਸਿਰ ਦੇ ਸਾਈਆਂ ਸਮੇਤ ਸਾਰੇ-ਸਾਰੇ ਪਰਿਵਾਰ ਪੰਥ ਤੋਂ ਕੁਰਬਾਨ ਕਰ ਦਿੱਤੇ।
-ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)
