views 6 secs 0 comments

21 ਅਪ੍ਰੈਲ 1850 ਨੂੰ ‘ਪੰਜਾਬੀ ਪੱਤਰਕਾਰੀ ਦੇ ਪਿਤਾਮਾ’ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦਾ ਜਨਮ ਹੋਇਆ

ਲੇਖ
April 21, 2026

ਗਿਆਨੀ ਦਿੱਤ ਸਿੰਘ ਜੀ ਦਾ ਜਨਮ 21 ਅਪ੍ਰੈਲ 1850 ਨੂੰ ਪਿੰਡ ਨੰਦਪੁਰ ਕਲੌੜ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਪਿਤਾ ਬਾਬਾ ਦੀਵਾਨ ਸਿੰਘ ਅਤੇ ਮਾਤਾ ਬੀਬੀ ਰਾਮ ਕੌਰ ਦੇ ਗ੍ਰਹਿ ਵਿਖੇ ਹੋਇਆ। ਅਪ ਜੀ ਦਾ ਮੁੱਢਲਾ ਨਾਂ ਦਿੱਤਾ ਰਾਮ ਰੱਖਿਆ ਗਿਆ। ਪਰ ਬਾਅਦ ਵਿੱਚ ਇਹੋ ਦਿੱਤਾ ਰਾਮ ਪ੍ਰਸਿੱਧ ਵਿਦਵਾਨ ਗਿਆਨੀ ਦਿੱਤ ਸਿੰਘ ਦੇ ਨਾਮ ਨਾਲ ਪੂਰੀ ਦੁਨੀਆਂ ਵਿੱਚ ਜਾਣਿਆ ਗਿਆ।
ਗਿਆਨੀ ਦਿੱਤ ਸਿੰਘ ਜੀ ਬਚਪਨ ਤੋਂ ਹੀ ਦੂਰ ਅੰਦੇਸ਼ ਅਤੇ ਤੀਖਣ ਸੂਝ ਬੂਝ ਦੇ ਮਾਲਕ ਹੋਣ ਕਾਰਣ, ਆਪ ਜੀ ਨੇ ਛੋਟੀ ਉਮਰ ਤੋਂ ਹੀ ਧਰਮ ਦੀਆਂ ਗੋਸ਼ਟੀਆਂ ਵਿੱਚ ਰੁਚੀ ਰੱਖਣੀ ਸ਼ੁਰੂ ਕਰ ਦਿੱਤੀ ਸੀ।ਆਪ ਜੀ ਦੀ ਇਸ ਲਗਨ ਅਤੇ ਧਰਮੀ ਖਿਆਲਾਂ ਨੂੰ ਵੇਖ ਕੇ ਆਪ ਦੇ ਪਿਤਾ ਭਾਈ ਦੀਵਾਨ ਸਿੰਘ ਜੀ ਨੇ ਆਪ ਨੂੰ 10 ਕੁ ਸਾਲ ਦੀ ਉਮਰ ਵਿੱਚ ਹੀ ਗੁਲਾਬ ਦਾਸੀਏ ਮਹਾਤਮਾ ਗੁਰਬਖਸ਼ ਸਿੰਘ ਜੀ ਦੇ ਡੇਰੇ’ਤੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਇਤਹਾਸ ਦੇ ਅਧਿਐਨ ਦੇ ਲਈ ਭੇਜ ਦਿੱਤਾ। ਇਹ ਡੇਰਾ ਪਿੰਡ ਤਿਉੜ, ਜਿਲਾ ਅੰਬਾਲਾ ਵਿੱਖੇ ਸੀ। ਇੱਥੇ ਆਪ ਜੀ ਨੇ ਪੰਜ ਗ੍ਰੰਥੀ , 22 ਵਾਰਾਂ , ਭਗਤ ਬਾਣੀ , ਭਾਈ ਗੁਰਦਾਸ ਜੀ ਦੀ ਵਾਰਾਂ ਅਤੇ ਸਿੱਖ ਇਤਿਹਾਸ ਦੇ ਨਾਲੋ ਨਾਲ ਦੂਜੇ ਧਰਮ ਗ੍ਰੰਥਾਂ ਦਾ ਡੂੰਘਾ ਅਧਿਅਨ ਕੀਤਾ। ਇਸ ਦੇ ਨਾਲ ਹੀ, ਉਰਦੂ ਅਤੇ ਪੰਜਾਬੀ ਦੇ ਨਾਲ ਪਿੰਗਲ ਵਿਆਕਰਣ, ਵੇਦਾਂਤ ਅਤੇ ਰਾਜਨੀਤੀ ਦੇ ਵੀ ਗ੍ਰੰਥਾਂ ਦਾ ਗਹਿਰਾ ਅਧਿਅਨ ਕੀਤਾ।
ਇਹ ਸਮਾਂ ਉਹ ਸਮਾਂ ਸੀ ਜਦੋਂ ਪੰਜਾਬ ਵਿੱਚ ਅੰਗਰੇਜ ਰਾਜ ਕਾਇਮ ਹੋ ਚੁਕਾ ਸੀ ਅਤੇ ਇਕ ਪਾਸੇ ਜਿੱਥੇ ਇਸਾਈਅਤ ਦੇ ਪ੍ਰਚਾਰ ਲਈ ਵੱਡੇ ਵੱਡੇ ਪਾਦਰੀ ਪੰਜਾਬ ਵਿੱਚ ਭੇਜੇ ਜਾ ਰਹੇ ਸਨ ਉਥੇ ਦੂਜੇ ਪਾਸੇ ਅੰਗ੍ਰੇਜ਼ ਅਖੌਤੀ ਸਾਧ ਮਹੰਤਾਂ ਦੇ ਵੀ ਪਿੱਠ ਤੇ ਥਾਪੜਾ ਦੇ ਰਹੇ ਸਨ। ਉਸ ਵਕਤ ਸਿੱਖ ਪੰਥ ਦੀ ਹਾਲਤ ਬਹੁਤ ਮਾੜੀ ਅਤੇ ਪਤਲੀ ਹੋ ਚੁੱਕੀ ਸੀ । ਸਿੱਖ ਧਰਮ ਦੇ ਨਾਂ ਤੇ ਗੁੰਮਰਾਹ ਹੋ ਕੇ ਸਿੱਖ ਹਿੰਦੂ ਮੱਤ ਦੀਆਂ ਕਰਮਕਾਂਡੀ ਰਸਮਾਂ ਨੂੰ ਅਪਨਾ ਕੇ ਇਕ ਕਿਸਮ ਦੇ ਨਾਲ ਹਿੰਦੂਆਂ ਦੇ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ।ਦੂਜੇ ਪਾਸੇ ਨਿਘਾਰ ਇਹ ਸੀ ਕਿ ਸਿੱਖ ਸਰਦਾਰ, ਸਿੱਖ ਰਾਜੇ ਮਹਾਰਾਜੇ ਆਦਿ ਤਾਂ 1807 ਈ: ਤੋਂ ਹੀ ਆਪਣੀਆਂ ਕੁਰਸੀਆਂ ਬਚਾਉਣ ਦੀ ਖਾਤਰ ਅੰਗਰੇਜਾਂ ਦੇ ਜੀ-ਹਜੂਰੀਏ ਬਣ ਚੁੱਕੇ ਸਨ। ਸਤਲੁਜ ਪਾਰ ਦੇ ਸਿੱਖ ਆਗੂਆਂ ਨੇ ਆਪਣੀ ਜਾਨ ਬਚਾਉਣ ਲਈ ਅੰਗਰੇਜਾਂ ਦੀ ਈਨ ਮੰਨ ਲਈ ਸੀ ਅਤੇ ਭਾਈ ਮਹਾਰਾਜ ਸਿੰਘ ਜੀ ਨੂੰ ਛੱਡ ਕੇ ਬਾਕੀ ਲਗਪਗ ਸਾਰੇ ਹੀ ਅੰਗਰੇਜਾਂ ਦੀ ਝੋਲੀ ਜਾ ਡਿੱਗੇ ਸਨ।ਇਸ ਦੇ ਨਾਲ ਹੀ ਈਸਾਈਅਤ ਦੇ ਪ੍ਰਚਾਰ ਦੇ ਨਾਲੋ ਨਾਲ ਆਰੀਆ ਸਮਾਜੀਆਂ ਦੇ ਪਰਚਾਰ ਨੇ ਵੀ ਸਿੱਖ ਪੰਥ ਨੂੰ ਭਾਰੀ ਢਾਹ ਲਾਉਣੀ ਸ਼ੁਰੂ ਕਰ ਦਿਤੀ ਹੋਈ ਸੀ ।
ਲਾਹੋਰ ਦੇ ਪਰੋਫੈਸਰ ਗੁਰਮੁਖ ਸਿੰਘ ਦੀ ਪ੍ਰੇਰਣਾ ਸਦਕਾ ਆਪ ਨੇ ਖੰਡੇ ਦੀ ਪਾਹੁਲ ਲਈ ਅਤੇ ਸਿੰਘ ਸਜੇ।ਲਾਹੌਰ ਵਿੱਚ ਰਹਿੰਦਿਆਂ ਹੀ ਗਿਆਨੀ ਜੀ ਦੀ ਓਰੀਐਂਟਲ ਕਾਲਜ ਦੇ ਪ੍ਰੋ: ਗੁਰਮੁਖ ਸਿੰਘ ਜੀ ਨਾਲ ਮੁਲਾਕਾਤ ਹੋਈ ਸੀ। ਪ੍ਰੋਫੈਸਰ ਸਾਹਿਬ ਬੜੇ ਸੂਝਵਾਨ, ਦੂਰ ਅੰਦੇਸ਼ੀ ਵਾਲੇ ਗੁਰਸਿੱਖ ਸਨ। ਉਨ੍ਹਾਂ ਦੇ ਹੀ ਕਹੇ ਤੇ ਗਿਆਨੀ ਦਿਤ ਸਿੰਘ ਜੀ ਨੇ ‘ਗਿਆਨੀ’ ਦੀ ਪ੍ਰੀਖਿਆ ਪਾਸ ਕੀਤੀ। ਪੰਜਾਬ ਯੂੂਨੀਵਰਸਿਟੀ ਲਹੌਰ ਤੋਂ ਗਿਆਨੀ ਦਾ ਇਮਤਹਾਨ ਪਾਸ ਕਰਣ ਮਗਰੋਂ ਦਿਤ ਸਿੰਘ ਜੀ ਦੇ ਨਾਂ ਦੇ ਨਾਲ ਗਿਆਨੀ ਸ਼ਬਦ ਜੁੜ ਗਿਆ।
ਪ੍ਰੋਫੇਸਰ ਗੁਰਮੁਖ ਸਿੰਘ ਜੀ ਦੀ ਸੁਚੱਜੀ ਸੰਗਤ ਦੀ ਬਦੌਲਤ ਗਿਆਨੀ ਜੀ ਨੇ ਸਿੱਖੀ ਦੇ ਪ੍ਰਭਾਵ ਨੂੰ ਕਬੂਲ ਲਿਆ।ਫੇਰ ਕੀ ਸੀ ਆਪ ਗੁਰਸਿੱਖੀ ਜੀਵਨ ਦੇ ਸਾਂਚੇ ਵਿੱਚ ਦਿਨੋਂ ਦਿਨ ਢਲਦੇ ਚਲੇ ਗਏ।
ਆਪ ਜੀ ਦਾ ਅਨੰਦਕਾਰਜ 1872 ਵਿੱਚ ਸਿੱਖ ਰਹਿਤ ਮਰਯਾਦਾ ਅਨੁਸਾਰ ਸੰੰਤ ਭਾਗ ਸਿੰਘ ਦੀ ਸਪੁੱਤਰੀ ਬੀਬੀ ਬਿਸ਼ਨ ਕੌਰ ਨਾਲ ਹੋਇਆ।ਆਪ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਬਲਦੇਵ ਸਿੰਘ ਰੱਖਿਆ ਗਿਆ ਫੇਰ ਇੱਕ ਬੇਟੀ ਨੇ ਜਨਮ ਲਿਆ ਜਿਸ ਦਾ ਨਾਂ ਬੀਬਾ ਵਿਦਿਆਵੰਤੀ ਕੌਰ ਰੱਖਿਆ ਗਿਆ।
ਆਪ ਜੀ ਜੀਵਨ ਵਿੱਚ ਉਸ ਵਕਤ ਇਕ ਕ੍ਰਾਂਤੀਕਾਰੀ ਮੋੜ ਆਇਆ ਜਦੋਂ 25 ਨਵੰਬਰ 1888 ਦੇ ਲਹੌਰ ਵਿੱਖੇ ਹੋਏ ਆਰੀਆ ਸਮਾਜ ਦੇ 11ਵੇੇਂ ਇਜਲਾਸ ਦੌਰਾਨ ਆਰੀਆ ਸਮਾਜੀਆਂ ਨੇ ਸਿੱਖ ਗੁਰੂਆਂ ਦਾ ਨਿਰਾਦਰ ਕੀਤਾ ਜਿਸ ਕਾਰਨ ਇਕ ਬਹੁਤ ਵਡਾ ਵਖਰੇਵਾਂ ਸ਼ੁਰੂ ਹੋਇਆ। ਆਪ ਨੇ ਆਰੀਆ ਸਮਾਜ ਤੋਂ ਤੁਰੰਤ ਅਪਣਾ ਨਾਤਾ ਤੋੜ ਲਿਆ ਅਤੇ ਸਿੰਘ ਸਭਾ ਲਾਹੌਰ ਦੇ ਨਾਲ ਨਾਤਾ ਜੋੜ ਲਿਆ।ਆਪ ਨੇ ਆਪਣੀ ਵਿਦਵਤਾ ਦੇ ਬਲਬੂਤੇ ਆਰੀਆ ਸਮਾਜ ਦੇ ਮੁਖੀ ਸਵਾਮੀ ਦਯਾਨੰਦ ਨੂੰ ਚਣੌਤੀ ਦਿੱਤੀ ਅਤੇ ਲਗਾਤਾਰ ਤਿੰਨ ਧਾਰਮਿਕ ਬਹਿਸਾਂ ਵਿੱਚ ਉਸ ਨੂੰ ਮਾਤ ਦਿੱਤੀ।ਇਹ ਆਰੀਆ ਸਮਾਜੀ ਉਹੀ ਹਨ ਜਿਨ੍ਹਾਂ ਨੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਖਿਲਾਫ਼ ਵੀ ਕਾਫ਼ੀ ਕੂੜ ਪ੍ਰਚਾਰ ਕੀਤਾ ਸੀ।ਉਸ ਵਕਤ ਸਿੱਖੀ ਅਤੇ ਸਿੱਖਾਂ ਦੀ ਧਰਮ, ਆਚਰਣ ਅਤੇ ਸਿੱਖ ਸਿਧਾਂਤਾਂ ਪੱਖੋਂ ਡਿੱਗ ਰਹੀ ਸਾਖ਼ ਨੂੰ ਮੁੜ ਉੱਚਿਆਂ ਚੁੱਕਣ ਦਾ ਯਤਨ ਕਰਨ ਦੇ ਨਾਲੋ ਨਾਲ ਗਿਆਨੀ ਦਿੱਤ ਸਿੰਘ ਜੀ ਨੇ ਸਿੱਖਾਂ ਵਿੱਚ ਫੈਲੀਆਂ ਅਨੇਕਾਂ ਕਰਮਕਾਂਡੀ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਿਰਤੋੜ ਯਤਨ ਅਤੇ ਮਿਹਨਤ ਕੀਤੀ।
ਆਪ ਨੇ ਆਪਣੇ ਹਫ਼ਤਾਵਾਰੀ ਖ਼ਾਲਸਾ ਅਖ਼ਬਾਰ ਜੌ ਕਿ ਲਾਹੌਰ ਤੋਂ ਛਾਪਣਾ ਸ਼ੁਰੂ ਕੀਤਾ ਸੀ, ਵਿੱਚ ਆਪਣੀਆਂ ਲਿਖਤਾਂ, ਲੇਖਾਂ ਅਤੇ ਭਾਸ਼ਣਾਂ ਰਾਹੀਂ ਸਿੱਖ ਕੌਮ ਵਿੱਚ ਗਿਰਾਵਟ ਦਾ ਕਾਰਣ ਬਣ ਰਹੇ ਵਹਿਮਾਂ-ਭਰਮਾਂ,ਫੋਕੇ ਕਰਮਕਾਂਡਾਂ, ਟੂਣੇ-ਟੋਟਕਿਆਂ, ਮੜੀ-ਮਸਾਣਾਂ, ਨੜੀਮਾਰਾਂ, ਝਾੜ-ਫੂਕ, ਪਖੰਡ,ਅੰਧ-ਵਿਸ਼ਵਾਸਾਂ ਅਤੇ ਤਾਗੇ ਤਵੀਤਾਂ ਦਾ ਜਮ ਕੇ ਅਤੇ ਜ਼ੋਰਦਾਰ ਵਿਰੋਧ ਕੀਤਾ ਅਤੇ ਸਿੱਖਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਪੂਰਨ ਭਰੋਸਾ ਰੱਖਣ ਲਈ ਪ੍ਰੇਰਿਤ ਵੀ ਕੀਤਾ ਅਤੇ ਉਤਸਾਹਤ ਵੀ ਕੀਤਾ।
ਸਿੱਟੇ ਵੱਜੋਂ ਉਸ ਵਕਤ ਦੀਆਂ ਸਿੰਘ ਸਭਾਵਾਂ ਅਤੇ ਸੁਧਾਰ ਲਹਿਰਾਂ ਨੂੰ ਜੋੜ ਕੇ ਅਤੇ ਭਾਈ ਜਵਾਹਰ ਸਿੰਘ ਨਾਲ ਮਿਲ ਕੇ ਖਾਲਸਾ ਦੀਵਾਨ ਅੰਮ੍ਰਿਤਸਰ ਦੀ ਸਥਾਪਨਾ ਕੀਤੀ।
ਸਿੱਖ ਧਰਮ ਵਿੱਚ ਸਭ ਤੋ ਵਡੀ ਗਿਰਾਵਟ ਦਾ ਕਾਰਣ ਜਾਤ ਪਾਤ, ਕਰਮਕਾਂਡੀ ਰਿਤੀ ਰਿਵਾਜ਼ ਸਨ ਅਤੇ ਗਿਆਨੀ ਦਿੱਤ ਸਿੰਘ ਜੀ ਦਾ ਵਿਚਾਰ ਸੀ ਕਿ ਜਿਸ ਧਰਮ ਵਿੱਚ, ਜਾਤ-ਪਾਤ, ਪਖੰਡਵਾਦ, ਵਹਿਮ-ਭਰਮ ਅਤੇ ਅੰਧ-ਵਿਸ਼ਵਾਸ ਹੋਵੇ, ਉਹ ਕਦੇ ਵਿਕਸਤ ਨਹੀਂ ਹੋ ਸਕਦਾ। ਗਿਆਨੀ ਦਿੱਤ ਸਿੰਘ ਜੀ ਨੇ ਸਿੱਖ ਸਮਾਜ ਵਿੱਚ ਫੈਲੇ ਅਜਿਹੇ ਕੂੜ ਅਡੰਬਰਾਂ ਨੂੰ ਬੜੀ ਗੰਭੀਰਤਾ ਨਾਲ ਨਜਿੱਠਣ ਦਾ ਫ਼ੈਸਲਾ ਲਿਆ ਅਤੇ ਕਈ ਸਮਕਾਲੀ ਸਿੱਖ ਵਿਰੋਧੀ ਜਥੇਬੰਦੀਆਂ ਨਾਲ ਡਟ ਕੇ ਟੱਕਰ ਲਈ।ਇਕ ਪਾਸੇ ਜਿੱਥੇ ਆਮ ਸਿੱਖ ਸੰਗਤ ਗੁੰਮਰਾਹ ਹੋ ਰਹੀ ਸੀ ਉਥੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਅਖੋਤੀ ਸਾਧ ਮਹੰਤ ਵੱਡਾ ਯੋਗਦਾਨ ਪਾ ਰਹੇ ਸਨ। ਇੱਥੋਂ ਤੱਕ ਕਿ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਾਬਾ ਖੇਮ ਸਿੰਘ ਬੇਦੀ ਨੇ ਗੱਦੀ ਲਾ ਕੇ ਬੈਠਣਾ ਸ਼ੁਰੂ ਕਰ ਦਿੱਤਾ ਸੀ,ਇਕ ਸਮਾਂ ਐਸਾ ਵੀ ਆਇਆ ਕਿ ਗਿਆਨੀ ਦਿੱਤ ਸਿੰਘ ਜੀ ਨੇ ਇਸ ਦੀ ਗੱਦੀ ਖਿੱਚ ਕੇ ਸੜਕ ’ਤੇ ਸੁੱਟ ਦਿੱਤੀ,ਜਿਸ ਕਾਰਣ ਇਹ ਗਿਆਨੀ ਜੀ ਦੇ ਖਿਲਾਫ਼ ਹੋ ਗਿਆ।
ਫੇਰ ਆਪ ਨੇ ਪ੍ਰੋ. ਗੁਰਮੁਖ ਸਿੰਘ ਦੇ ਨਾਲ ਮਿਲ ਕੇ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਦਿਊਢੀ ਵਿੱਚ ਰੱਖੀਆਂ ਮੂਰਤੀਆਂ ਨੂੰ ਹਟਾਉਣ ਦੀ ਬਹੁਤ ਵਡੀ ਦਲੇਰੀ ਕੀਤੀ।
ਇੰਜ ਗੁਰੂਡੰਮ੍ਹ ਦੇ ਖਿਲਾਫ ‘ਖਾਲਸਾ ਅਖਬਾਰ’ ਦੇ ਪ੍ਰਚਾਰ ਕਾਰਣ ਬਾਬਾ ਖੇਮ ਸਿੰਘ ਡਰ ਗਿਆ ਸੀ।ਸਿੰਘ ਸਭਾ ਲਹਿਰ ਦੇ ਹਕ ਵਿੱਚ ਚਲੀ ਹਵਾਂ ਨੇ ਵਿਰੋਧੀਆਂ ਦੇ ਮੂੰਹ ਬੰਦ ਕਰਨੇ ਸ਼ੁਰੂ ਕਰ ਦਿੱਤੇ। ਆਖਰ ਵਿਰੋਧੀਆਂ ਨੂੰ ਉਦੋਂ ਮੌਕ਼ਾ ਮਿਲ ਗਿਆ ਜਦੋਂ ਫਰੀਦ ਕੋਟੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਵਾਉਣ ਦਾ ਫੈਸਲਾ ਕੀਤਾ। ਉਸ ਵਕਤ ਦੇ ਅਨੁਸਾਰ ਕੌਮ ਦੇ ਕਹਿੰਦੇ ਕਹਾਉਂਦੇ ਵਿਦਵਾਨ ਇੱਕਤਰ ਹੋਏ।ਉਸ ਵਕਤ ਬਹੁਤ ਸਾਰੇ ਗਿਆਨੀ ਸਨਾਤਨੀ ਖਿਆਲਾਂ ਦੇ ਵੀ ਸਨ।
ਇਸ ਇਕੱਤਰਤਾ ਦੇ ਵਿੱਚ ਪ੍ਰੋ: ਗੁਰਮੁਖ ਸਿੰਘ ਜੀ ਨੇ ਪੁਰਜ਼ੋਰ ਕਿਹਾ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਵਾਏ ਜਾਣ ਨੂੰ ਮਜ਼ਾਕ ਨਾ ਸਮਝੋ ਕਿ ਜਿਹੜਾ ਕੋਈ ਉਠੇ ਅਤੇ ਅਰਥ ਕਰ ਦੇਵੇ,ਇਹ ਕੋਈ ਆਮ ਨਹੀਂ ਇਹ ਬ੍ਰਹਿਮਗਿਆਨ ਹੈ । ਪ੍ਰੋਫ਼ੈਸਰ ਸਾਹਿਬ ਨੇ ਸਾਫ ਸਾਫ ਕਹਿ ਦਿਤਾ ਕਿ ਸਨਾਤਨੀ ਖਿਆਲਾਂ ਦੇ ਗਿਆਨੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਤਾਂ ਕੀ ਕਰਣਾ ਉਹ ਠੀਕ ਤਰ੍ਹਾਂ ਦੇ ਨਾਲ ਅਰਥ ਸਮਝ ਵੀ ਨਹੀਂ ਸਕਦੇ।ਇਸ ਗਲ ਨੂੰ ਲੈਕੇ ਸਨਾਤਨੀ ਭੜਕ ਉਠੇ ਕਿਉਂਕਿ ਬਾਬਾ ਖੇਮ ਸਿੰਘ ਖੁਦ ਸਨਾਤਨੀ ਵਿਚਾਰਾਂ ਦਾ ਹਾਮੀ ਸੀ ਇਸ ਲਈ ਉਸ ਦਾ ਭੜਕਣਾ ਵੀ ਲਾਜ਼ਮੀ ਸੀ ।
1886 ਈ: ਵਿਚ ਕੰਵਲ ਬਿਕ੍ਰਮ ਸਿੰਘ ਜੀ ਦੀ ਮੌਤ ਹੀ ਗਈ ਅਤੇ ਬੇਦੀ ਖੇਮ ਸਿੰਘ ਨੇ ਆਪਣੇ ਹਿਮਾਇਤੀਆਂ ਦੀ ਮੀਟਿੰਗ ਸੱਦੀ ਜਿਸ ਵਿੱਚ ਸਿਰਫ ਉਸ ਦੇ ਹਮਾਇਤੀ ਹੀ ਸ਼ਾਮਲ ਹੋ ਸਕਦੇ ਸਨ।ਮੋਕਾ ਵੇਖ ਕੇ ਖੇਮ ਸਿੰਘ ਹੁਣਾਂ ਨੇ ਆਪਣੇ ਹਿਮਾਇਤੀਆਂ ਪਾਸੋ ਇਹ ਮਤਾ ਕਰਵਾ ਦਿਤਾ ਕਿ ਪ੍ਰੋਫ਼ੇਸਰ ਗੁਰਮੁਖ ਸਿੰਘ ਨੂੰ ਪੰਥ ਵਿਚੋਂ ਛੇਕ ਦਿਤਾ ਜਾਵੇ।ਇਸ ਦੇ ਲਈ ਬਹਾਨਾ ਇਹ ਬਣਾਇਆ ਗਿਆ ਕਿ ਪ੍ਰੋਫ਼ੈਸਰ ਗੁਰਮੁੱਖ ਸਿੰਘ ਸ੍ਰੀ ਗੁਰੂ ਗਰੰਥ ਸਾਹਿਬ ਦਾ ਟੀਕਾ ਕਰਨ ਵਿਚ ਰੁਕਾਵਟ ਬਣ ਰਿਹਾ ਹੈ ਅਤੇ ਇਸ ਕਾਰਜ ਨੂੰ ਪੂਰਾ ਨਾ ਹੋਣ ਦੇਣ ਦੇ ਲਈ ਬਿਘਨ ਪਾ ਰਿਹਾ ਹੈ। ਕਿਉਂਕਿ ਉਹ ਇਕ ਪਵਿਤਰ ਕੰਮ ਨਹੀਂ ਹੋਣ ਦੇ ਰਿਹਾ ਸੋ ਇਸ ਲਈ 17 ਅਗਸਤ 1886 ਵਾਲੇ ਦਿਨ ਸ੍ਰੀ ਅਕਾਲ ਤਖਤ ਦੇ ਹੈਡ ਗ੍ਰੰਥੀ, ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਅਤੇ ਗੁਰਦੁਆਰਾ ਬਾਬਾ ਅਟਲ, ਝੰਡਾ ਬੁੰਗਾ ਅਤੇ ਸ਼ਹੀਦ ਗੰਜ ਦੇ ਗ੍ਰੰਥੀਆਂ ਦੇ ਦਸਖਤਾਂ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰ ਕੇ ਪ੍ਰੋਫ਼ੇਸਰ ਗੁਰਮੁਖ ਸਿੰਘ ਨੂੰ ਸਿੱਖ ਪੰਥ ਵਿਚੋਂ ਛੇਕ ਦਿੱਤਾ ਗਿਆ।
ਇਹ ਇਕ ਸਰਾਸਰ ਨਜ਼ਾਇਜ਼ ਅਤੇ ਸਰੇਆਮ ਕੀਤੀ ਗਈ ਉਹ ਵਧੀਕੀ ਸੀ ਜਿਸ ਕਾਰਣ ਹਰ ਸਿੱਖ ਦਾ ਹਿਰਦਾ ਵਲੂੰਧਰਿਆ ਗਿਆ। ਪ੍ਰੋਫੈਸਰ ਸਾਹਿਬ ਜੀ ਦੇ ਪੰਥ ਵਿਚੋਂ ਛੇਕਣ’ ਤੇ ਗਿਆਨੀ ਜੀ ਡੋਲੇ ਜਾਂ ਘਬਰਾਏ ਨਹੀਂ ਸਗੋਂ ਦੁੱਗਣੇ ਜੋਸ਼ ਦੇ ਨਾਲ ਅਖਬਾਰਾਂ ਰਾਂਹੀਂ ਇਸ ਹੁਕਮਨਾਮੇ ਦੀ ਪੁਰਜ਼ੋਰ ਮੁਖਾਲਫਤ ਕਰਦਿਆਂ ਇਸ ਮਹੰਤ ਸਿਸਟਮ ਦੀਆਂ ਧਜੀਆਂ ਉਡਾ ਦਿਤੀਆਂ।ਗਿਆਨੀ ਦਿੱਤ ਸਿੰਘ ਜੀ ਨੇ ਇਕ “ਸੁਪਠੱ ਨਾਟਕ” ਦੇ ਨਾਂ ਦੇ ਨਾਲ ਇਸ ਗਲ ਦਾ ਸੱਚ ਸਿੱਖਾਂ ਤਕ ਉਜਾਗਰ ਕਰਣ ਦੇ ਲਈ ਇੱਕ ਨਾਟਕ ਲਿਖਿਆ।ਇਸ ਨਾਟਕ ਵਿੱਚ ਹਾਸ ਰਸ ਦੇ ਨਾਲ ਇਨ੍ਹਾਂ ਔਖ਼ਤੀ ਮਹੰਤ ਸਾਧ ਸਿਸਟਮ ਅਤੇ ਗੁਰੂ ਡੰਮੀਆਂ ਦੇ ਕਾਰਨਾਮਿਆਂ ਦੀ ਹੂ-ਬ-ਹੂ ਤਸਵੀਰ ਪੇਸ਼ ਕਰਕੇ ਲੋਕਾਂ ਦੇ ਸਾਹਮਣੇ ਰੱਖ ਦਿਤੀ ਕਿ ਕਿਵੇਂ ਇਹ ਲੋਕ, ਲੋਕਾਂ ਨੂੰ ਗੁੰਮਰਾਹ ਕਰਦੇ ਹਨ ਅਤੇ ਭੋਲੇ ਭਾਲੇ ਲੋਕਾਂ ਕੋਲੋ ਆਪਣੀਆਂ ਮਨਮਰਜ਼ੀਆਂ ਕਰਵਾਉਂਦੇ ਹਨ ਅਤੇ ਇੰਜ ਕਰ ਕੇ ਇਹ ਸਿੱਖ ਧਰਮ ਨੂੰ ਕਿਵੇਂ ਵਡੀ ਢਾਅ ਲਾ ਕੇ ਚੋਖਾ ਨੁਕਸਾਨ ਪਹੁੰਚਾ ਰਹੇ ਹਨ।
ਪਟਨਾ ਸਾਹਿਬ ਦੇ ਉਸ ਵਕਤ ਦੇ ਮਹੰਤ ਬਾਬਾ ਸੁਮੇਲ ਸਿੰਘ ਨੇ ਇਸ ਨਾਟਕ ਬਾਰੇ ਜਦੋਂ ਬਾਬਾ ਖੇਮ ਸਿੰਘ ਨੂੰ ਦਸਿਆ ਤਾਂ ਉਹ ਸੜਬਲ ਕੇ ਹੋਰ ਭੜਕ ਉਠਿਆ।ਉਸ ਨੇ ਮਹੰਤ ਉਦੇ ਸਿੰਘ ਬੇਦੀ ਨੂੰ ਅੱਗੇ ਲਾ ਕੇ ਉਸ ਪਾਸੋਂ ਗਿਆਨੀ ਦਿਤ ਸਿੰਘ ਹੁਣਾਂ ਦੇ ਖਿਲਾਫ ਮੁਕਦਮਾ ਚਲਾ ਕੇ ਉਨ੍ਹਾਂ ਦੀ ਪ੍ਰਿੰਟਿੰਗ ਪ੍ਰੈਸ ਅਤੇ ਅਖਬਾਰ ਦੋਨੋਂ ਬੰਦ ਕਰਵਾ ਦਿਤੇ।ਅਖ਼ਬਾਰ ਅਤੇ ਪ੍ਰਿੰਟਿੰਗ ਪ੍ਰੈਸ ਬੰਦ ਹੋਣ ਨਾਲ ‘ਸਿੰਘ ਸਭਾ ਲਹਿਰ’ ਨੂੰ ਵੀ ਭਾਰੀ ਨੁਕਸਾਨ ਹੋਇਆ ਕਿਉਂਕਿ ਉਨ੍ਹਾਂ ਦਿਨਾਂ ਦੇ ਵਿੱਚ ਅਖਬਾਰ,ਪ੍ਰਚਾਰ ਦਾ ਬਹੁਤ ਵਡਾ ਸਾਧਨ ਸੀ। ਪਰ ਗਿਆਨੀ ਜੀ ਘਬਰਾਏ ਨਹੀ ਸਗੋਂ ਮੁਕੱਦਮੇ ਤੋਂ ਵਿਹਲੇ ਹੁੰਦਿਆਂ ਹੀ ਉਨ੍ਹਾਂ ਨੇ ਫਿਰ ਆਪਣੀਆ ਉਹੀ ਗਤੀਵਿਧੀਆਂ ਸ਼ੁਰੂ ਕਰ ਦਿਤੀਆਂ। ਪ੍ਰੋਫ਼ੇਸਰ ਗੁਰਮੁਖ ਸਿੰਘ ਜੀ ਨੇ ਇਸ ਕੰਮ ਵਿੱਚ ਗਿਆਨੀ ਜੀ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ।ਸੰਨ 1890 ਵਿੱਚ ਪ੍ਰਿੰਟਿੰਗ ਪ੍ਰੈਸ ਅਤੇ ਅਖ਼ਬਾਰ ਮੁੜ ਸ਼ੁਰੂ ਹੋ ਗਏ। ਗੁਰਬਾਣੀ ਦੇ ਭਾਵਾਂ ਦੇ ਅਰਥਾਂ ਅਤੇ ਗੁਰਮਿਤ ਫਿਲਾਸਫ਼ੀ ਦੇ ਉੱਤੇ ਗਿਆਨੀ ਜੀ ਨੇ ਫੇਰ ਲੇਖ ਲਿਖਣੇ ਸ਼ੁਰੂ ਕਰ ਦਿੱਤੇ ਅਤੇ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਇਸ ਗਲ ਉਪਰ ਜ਼ੋਰ ਦਿੱਤਾ ਕਿ ਗੁਰੁ ਗ੍ਰੰਥ ਸਾਹਿਬ ਜੀ ਹੀ ਇੱਕੋ ਇੱਕ ਸਾਡੇ ਜਿਉਂਦੇ ਜਾਗਦੇ ਗੁਰੂ ਹਨ ਅਤੇ ਸਾਨੂੰ ਆਪਣੇ ਜੁੱਗੋ ਜੁੱਗ ਅਟੱਲ ਗੁਰੂ ਦੇ ਹੁੰਦਿਆਂ ਕਿਸੇ ਦੇਹਧਾਰੀ ਗੁਰੂ ਦੀ ਲੋੜ ਨਹੀਂ।
ਗਿਆਨੀ ਦਿੱਤ ਸਿੰਘ ਹੁਣਾਂ ਨੇ ਪੰਜਾਬੀ ਮਾਂ ਬੋਲੀ ਨੂੰ 72 ਪੁਸਤਕਾਂ ਦੇ ਕੇ ਆਪਣੇ ਸਪੂਤ ਹੋਣ ਦਾ ਸਬੂਤ ਦਿੱਤਾ।ਆਪ ਨੇ ਆਪਣੇ ਖੂਨ ਦੇ ਨਾਲ ਸਿੱਖੀ ਦੇ ਬੂਟੇ ਨੂੰ ਸਿੰਜਿਆ ਅਤੇ ਖਾਲਸਾ ਪੰਥ ਦੀ ਸੇਵਾ ਅੰਤਮ ਸੁਆਸਾਂ ਤਕ ਨਿਸ਼ਕਾਮ ਭਾਵਨਾ ਦੇ ਨਾਲ ਨਿਭਾਈ। ਆਪ ਜੀ ਨੂੰ ਜਿਥੇ ਪੰਜਾਬੀ ਦੇ ਪਹਿਲੇ ਪ੍ਰੋਫ਼ੈਸਰ ਹੋਣ ਦਾ ਮਾਣ ਮਿਲਿਆ ਉਥੇ ਆਪ ਜੀ ਨੂੰ‘ਪੰਜਾਬੀ ਪੱਤਰਕਾਰੀ ਦਾ ਪਿਤਾਮਾ’ ਵੀ ਕਿਹਾ ਜਾਂਦਾ ਹੈ।
6 ਸਤੰਬਰ 1901 ਵਾਲੇ ਦਿਨ ਗਿਆਨੀ ਦਿੱਤ ਸਿੰਘ ਜੀ ਦਾ ਇਕ ਬਿਮਾਰੀ ਤੋਂ ਮਗਰੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੇਹਾਂਤ ਹੋ ਗਿਆ।

ਗੁਰਦੀਪ ਸਿੰਘ ਜਗਬੀਰ ( ਡਾ.)