25 views 1 sec 0 comments

ਭਉ (ਡਰ)

ਲੇਖ
May 20, 2026

ਹੋਰ ਸਭਨਾਂ ਭਾਵਾਂ ਤੋਂ ਵੱਧ ਸਾਡੀ ਮਤ ਨੂੰ ਸੰਸਾਰਕ ਭਉ ਮਲੀਨ ਕਰਦਾ ਹੈ।

ਭਉ ਦੋ ਪ੍ਰਕਾਰ ਦਾ ਹੁੰਦਾ ਹੈ—ਇਕ ਦੁਨਿਆਵੀ, ਦੂਜਾ ਦੈਵੀ। ਦੁਨਿਆਵੀ ਭਉ ਕਿਸੇ ਖ਼ਤਰੇ ਦੇ ਅਹਿਸਾਸ ਤੋਂ ਉਪਜਦਾ ਹੈ। ਇਹ ਖ਼ਤਰਾ ਭਾਵੇਂ ਜਾਨ ਦਾ ਹੋਵੇ, ਭਾਵੇਂ ਮਾਲ ਦਾ ਭਾਵੇਂ ਸੁਆਸਥ ਹਾਨੀ ਦਾ ਹੋਵੇ, ਭਾਵੇਂ ਮਾਨਹਾਨੀ ਦਾ। ਇਹ ਕੁਦਰਤ ਦੀਆਂ ਤਾਕਤਾਂ (ਅਸਮਾਨੀ ਬਿਜਲੀ, ਫਟਦਾ ਜਵਾਲਾਮੁਖੀ, ਚੜ੍ਹਦਾ ਹੜ੍ਹ, ਤਕੜਾ ਭੂਚਾਲ ਆਦਿ) ਤੋਂ ਵੀ ਪੈਦਾ ਹੋ ਸਕਦਾ ਹੈ; ਜੰਗਲੀ ਜਾਨਵਰਾਂ ਤੋਂ ਵੀ । ਇਹ ਸਮਾਜ-ਵਿਰੋਧੀਆਂ ਤੋਂ ਵੀ ਵਾਪਰ ਸਕਦਾ ਹੈ, ਜੁਰਮ-ਪੇਸ਼ਾ ਲੋਕਾਂ ਤੋਂ ਵੀ। ਇਉਂ ਜਾਪਦਾ ਹੈ ਮਨੁੱਖ ਦੀ ਜ਼ਿੰਦਗੀ ਅਨੇਕ ਪ੍ਰਕਾਰ ਦੇ ਖ਼ਤਰਿਆਂ ਨਾਲ ਘਿਰੀ ਹੋਈ ਹੈ। ਇਸ ਲਈ ਡਰ ਜਾਂ ਭਉ ਉਸ ਦੀ ਜ਼ਿੰਦਗੀ ਦਾ ਭਾਗ ਹੀ ਬਣਿਆ ਰਹਿੰਦਾ ਹੈ।

ਅਜਿਹਾ ਸੰਸਾਰਕ ਭਉ ਮਨੁੱਖ ਨੂੰ ਆਦਿ ਕਾਲ ਤੋਂ ਹੀ ਵਾਪਰਦਾ ਆਇਆ ਹੈ। ਇਸ ਦਾ ਅਨੁਭਵ ਤੀਖਣ ਵੀ ਹੁੰਦਾ ਹੈ, ਤੀਬਰ ਵੀ। ਭਾਵੇਂ ਮਨੁੱਖ ਨੇ ਬਹੁਤ ਸਾਰੇ ਖ਼ਤਰਿਆਂ ਤੋਂ ਆਪਣੇ ਬਚਾਓ ਦੇ ਸਾਧਨ ਪੈਦਾ ਕਰ ਲਏ ਹਨ, ਪਰ ਉਸ ਨੇ ਨਵੇਂ ਨਵੇਂ ਤੇ ਵਧੇਰੇ ਭਿਆਨਕ ਖ਼ਤਰੇ ਵੀ ਪੈਦਾ ਕਰ ਲਏ ਹਨ।

ਜਦ ਐਸਾ ਕੋਈ ਖ਼ਤਰਾ ਸਨਮੁਖ ਆਣ ਵਿਆਪਦਾ ਹੈ ਤਾਂ ਭਉ ਅਵੱਸ਼ ਉਪਜਦਾ ਹੈ। ਜਦੋਂ ਵੀ ਇਹ ਉਪਜਦਾ ਹੈ, ਮਨ ਤਾਂ ਦੁਖੀ ਹੁੰਦਾ ਹੀ ਹੈ, ਕਈ ਪ੍ਰਕਾਰ ਦੀਆਂ ਸਰੀਰਕ ਇਲਾਮਤਾਂ ਵੀ ਪੈਦਾ ਹੁੰਦੀਆਂ ਹਨ। ਦਿਲ ਧੜਕਣ ਲੱਗਦਾ ਹੈ, ਸਾਹ ਤੇਜ਼ ਹੋ ਜਾਂਦਾ ਹੈ, ਪੱਠੇ ਕੱਸੇ ਜਾਂਦੇ ਹਨ, ਲਹੂ ਦਾ ਗੇੜ ਅੰਦਰਲੇ ਅੰਗਾਂ (ਉਦਰ, ਦਿਮਾਗ਼ ਆਦਿ) ਤੋਂ ਘੱਟ ਕੇ ਬਾਹਰਲੇ ਅੰਗਾਂ (ਬਾਹਾਂ, ਲੱਤਾਂ) ਵਿਚ ਤੇਜ਼ ਹੋ ਜਾਂਦਾ ਹੈ। ਇਹ ਤਬਦੀਲੀਆਂ ਵਿਅਕਤੀ ਨੂੰ ਖ਼ਤਰੇ ਤੋਂ ਬੱਚ ਕੇ ਭੱਜਣ ਲਈ ਜਾਂ ਖ਼ਤਰੇ ਨਾਲ ਨਜਿੱਠਣ ਲਈ ਤਿਆਰ ਕਰਦੀਆਂ ਹਨ।

ਕਈ ਹਾਲਤਾਂ ਵਿਚ ਭਉ ਕਾਰਨ ਵਿਅਕਤੀ ਨੂੰ ਥੜੇ ਹੀ ਪੈ ਜਾਂਦੇ ਹਨ। ਉਹ ਹਿਲਣ ਜੁਲਣ ਜੋਗਾ ਨਹੀਂ ਰਹਿੰਦਾ। ਕਦੇ ਕਦੇ ਬੇਹੋਸ਼ੀ ਜਾਂ ਨੀਮ ਬੇਹੋਸ਼ੀ ਵੀ ਹੋ ਜਾਂਦੀ ਹੈ ਜਿਸ ਕਾਰਨ ਵਿਅਕਤੀ ਨੂੰ ਖ਼ਤਰਾ ਦਿਸਣੋਂ ਹੱਟ ਜਾਂਦਾ ਹੈ ਉਵੇਂ ਜਿਵੇਂ ਬਿੱਲੀ ਨੂੰ ਵੇਖ ਕੇ ਕਬੂਤਰ ਅੱਖਾਂ ਬੰਦ ਕਰ ਸਮਝ ਲੈਂਦਾ ਹੈ ਕਿ ਬਿੱਲੀ ਚਲੀ ਗਈ।

ਇਸ ਪ੍ਰਕਾਰ ਦਾ ਡਰ ਭਾਵੇਂ ਕਿਵੇਂ ਵੀ ਉਪਜੇ, ਅਸਲੋਂ ਮਨ ਦਾ ਸ਼ੋਰ ਹੀ ਹੁੰਦਾ ਹੈ: ਡਰਿ ਡਰਿ ਡਰਣਾ ਮਨ ਕਾ ਸੋਰੁ ॥ ਪਰ ਜੇ ਉਹ ਵਿਅਕਤੀ ਨਿਰਭਉ ਵਾਹਿਗੁਰੂ ਨੂੰ ਜਪਣ ਵਾਲਾ ਹੋਵੇ ਤਾਂ ਉਸ ਦੀ ਜ਼ਿੰਦਗੀ ਵਿੱਚੋਂ ਐਸਾ ਡਰ ਬਿਨਸ ਜਾਂਦਾ ਹੈ: ਨਿਰਭਉ ਜਪੈ ਸਗਲ ਭਉ ਮਿਟੈ ॥
ਤੇ ਉਹ :

ਭੈ ਤੇ ਨਿਰਭਉ ਹੋਇ ਬਸਾਨਾ॥

(ਗਉੜੀ ਸੁਖਮਨੀ ਮ: ੫, ਪੰਨਾ 285)

ਡਾ. ਜਸਵੰਤ ਸਿੰਘ ਨੇਕੀ